ਖੇਤਰੀ ਪ੍ਰਤੀਨਿਧ
ਪਟਿਆਲਾ, 14 ਨਵੰਬਰ
ਟਰਾਂਸਪੋਰਟ ਵਿਭਾਗ ਅਤੇ ਪੰਜਾਬ ਪੁਲੀਸ ਵੱਲੋਂ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 132ਵੇਂ ਜਨਮ ਦਿਨ ਮੌਕੇ ਅੱਜ ਪਟਿਆਲਾ ’ਚ ਵੀ ‘ਨੋ ਚਲਾਨ ਦਿਵਸ’ ਦੇ ਬੈਨਰ ਹੇਠਾਂ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਗਈ। ਜ਼ਿਲ੍ਹਾ ਪੱਧਰੀ ਇਸ ਜਾਗਰੂਕਤਾ ਮੁਹਿੰਮ ਦਾ ਆਗਾਜ਼ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਐੱਸ.ਐੱਸ.ਪੀ. ਹਰਚਰਨ ਸਿੰਘ ਭੁੱਲਰ ਨੇ ਇਥੋਂ ਸ਼ੇਰਾਂ ਵਾਲਾ ਗੇਟ ਤੋਂ ਕੀਤਾ, ਜਿਨ੍ਹਾਂ ਦੇ ਨਾਲ ਡੀਐੱਸਪੀ ਟਰੈਫਿਕ ਦਲਬੀਰ ਸਿੰਘ ਗਰੇਵਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ। ਇਨ੍ਹਾਂ ਅਧਿਕਾਰੀਆਂ ਨੇ ‘ਸੜਕ ਸੁਰੱਖਿਆ ਮੇਰੀ ਜ਼ਿੰਮੇਵਾਰੀ’ ਦਾ ਸੁਨੇਹਾ ਦਿੰਦਿਆਂ ਆਵਾਜਾਈ ਨੇਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਗੁਲਾਬ ਦੇ ਫੁੱਲ ਭੇਟ ਕਰਕੇ ਸਨਮਾਨਤ ਵੀ ਕੀਤਾ। ਇਸ ਦੌਰਾਨ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਸਬੰਧੀ ਸਹੁੰ ਵੀ ਚੁਕਾਈ ਗਈ। ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਵਾਜਾਈ ਨੇਮਾਂ ਪ੍ਰਤੀ ਬਚਪਨ ਤੋਂ ਹੀ ਜਾਗਰੂਕ ਕਰਨ ਦੇ ਨਾਲ-ਨਾਲ ਸਵੈ ਜਾਬਤਾ ਲਾਗੂ ਕਰਨਾ ਵੀ ਸਿਖਾਉਣ।
ਪਾਤੜਾਂ (ਪੱਤਰ ਪ੍ਰੇਰਕ): ਟਰੈਫਿਕ ਪੁਲੀਸ ਪਾਤੜਾਂ ਨੇ ਦਿਨੋਂ ਦਿਨ ਵਧਦੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨ ਲਈ ਨੋ ਚਲਾਨ ਡੇਅ ਮਨਾਇਆ। ਸਿਟੀ ਟਰੈਫਿਕ ਪੁਲੀਸ ਦੇ ਇੰਚਾਰਜ ਅਸ਼ੋਕ ਕੁਮਾਰ ਦੀ ਦੇਖ-ਰੇਖ ਹੇਠ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ’ਚ ਕਕਵਾਏ ਸਮਾਗਮ ਦੌਰਾਨ ਡੀਐੱਸਪੀ ਪਾਤੜਾਂ ਰਛਪਾਲ ਸਿੰਘ ਢੀਂਡਸਾ ਅਤੇ ਥਾਣਾ ਮੁਖੀ ਪਾਤੜਾਂ ਬਿਕਰਮਜੀਤ ਸਿੰਘ ਨੇ ਸ਼ਿਰਕਤ ਕੀਤੀ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਰਾਜ ਅੰਦਰ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਦੇ ਆਗਾਜ਼ ਮੌਕੇ ਅੱਜ ਟਰੱਕ ਯੂਨੀਅਨ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸਕੱਤਰ ਆਰਟੀਏ ਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੜਕ ਸੁਰੱਖਿਆ ਮੁਹਿੰਮ ‘ਨੋ ਚਲਾਨ ਦਿਵਸ’ ਤਹਿਤ ‘ਸੜਕ ਸੁਰੱਖਿਆ ਮੇਰੀ ਜ਼ਿੰਮੇਵਾਰੀ’ ਨਾਮ ਹੇਠ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।