ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਜੁਲਾਈ
ਪਟਿਆਲਾ ਦਿਹਾਤੀ ਵਿੱਚ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਨੇ ਹਲਕੇ ਤੋਂ ਬਾਹਰਲੇ ਉਮੀਦਵਾਰਾਂ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਹਲਕੇ ਵਿੱਚ ਰਹਿਣ ਵਾਲੇ ਚਾਰ ਦਾਅਵੇਦਾਰਾਂ ਨੇ ਸਾਂਝੀ ਕਾਨਫ਼ਰੰਸ ਕਰਕੇ ਪਾਰਟੀ ਨੂੰ ਸੁਨੇਹਾ ਦਿੱਤਾ ਹੈ ਕਿ ਪਟਿਆਲਾ ਦਿਹਾਤੀ ਵਿੱਚ ਬਾਹਰਲੇ ਉਮੀਦਵਾਰਾਂ ਲਈ ਕੋਈ ਥਾਂ ਨਹੀਂ ਹੈ। ਇਸ ਕਾਨਫ਼ਰੰਸ ਵਿਚ ਚਾਰੇ ਸੰਭਾਵੀ ਉਮੀਦਵਾਰਾਂ ਦੀ ਮਿਹਨਤ ਸਦਕਾ ਬਹੁਤ ਸਾਰੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਵੀ ਫੜਿਆ। ਇਸ ਵੇਲੇ ਸੰਭਾਵੀ ਉਮੀਦਵਾਰਾਂ ਵਿੱਚ ਪ੍ਰਿੰਸੀਪਲ ਜੇਪੀ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕ ਚਾਹੁੰਦੇ ਹਨ ਕਿ ਪਾਰਟੀ ਹਲਕੇ ਵਿੱਚੋਂ ਹੀ ਉਮੀਦਵਾਰਾਂ ਦੀ ਚੋਣ ਕਰੇ ਨਹੀਂ ਤਾਂ ਲੋਕਾਂ ਵਿੱਚ ਪਾਰਟੀ ਪ੍ਰਤੀ ਰੋਸ ਵੀ ਪੈਦਾ ਹੋ ਸਕਦਾ ਹੈ। ਇਸੇ ਤਰ੍ਹਾਂ ਪ੍ਰੀਤੀ ਮਲਹੋਤਰਾ, ਮੇਜਰ ਮਲਹੋਤਰਾ ਸਮੇਤ ਹੋਰਨਾਂ ਸੰਭਾਵੀਆਂ ਨੇ ਵੀ ਪਾਰਟੀ ਨੂੰ ਕਿਹਾ ਕਿ ਇੱਥੇ ਬਾਹਰਲੇ ਹਲਕਿਆਂ ਦੇ ਲੋਕ ਦਾਅਵੇਦਾਰੀ ਠੋਕ ਰਹੇ ਹਨ ਤੇ ਹਲਕੇ ਵਿੱਚ ਥਾਂ ਥਾਂ ’ਤੇ ਵੱਖੋ-ਵੱਖਰੇ ਹੋਰਡਿੰਗ ਲਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਉੱਖਲਾ ਨੇ ਕਿਹਾ ਕਿ ਪਾਰਟੀ ਵਿੱਚ ਹਲਕੇ ਦੇ ਵੀ ਕਾਫ਼ੀ ਸਾਰੇ ਲੋਕ ਹਨ, ਜੋ ਲੋਕਾਂ ਦੇ ਹਿਤ ਵਿੱਚ ਕੰਮ ਕਰ ਰਹੇ ਹਨ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਕਿਰਦਾਰ ਪੇਸ਼ ਵੀ ਕਰ ਚੁੱਕੇ ਹਨ। ਇਸ ਕਰਕੇ ਜੇਕਰ ਇੱਥੇ ਕੋਈ ਬਾਹਰਲਾ ਉਮੀਦਵਾਰ ਬਣਦਾ ਹੈ ਤਾਂ ਬਰਦਾਸ਼ਤ ਨਹੀਂ ਹੋਵੇਗਾ। ਪਾਰਟੀ ਨੂੰ ਅੱਜ ਉਸ ਵੇਲੇ ਬਹੁਤ ਵੱਡਾ ਹੁੰਗਾਰਾ ਮਿਲਿਆ ਜਦੋਂ ਪਟਿਆਲਾ ਦਿਹਾਤੀ ਹਲਕੇ ਦੇ ਵਿੱਚ ਪੈਂਦੇ ਅਨੰਦ ਨਗਰ ਬੀ ਤੋਂ ਦਰਜਨਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਲੜ ਫੜਿਆ। ਡਾ. ਬਲਬੀਰ ਸਿੰਘ ਸਾਬਕਾ ਸਹਿ ਪ੍ਰਧਾਨ ਨੇ ਕਿਸਾਨੀ ਸੰਘਰਸ਼ ਬਾਰੇ ਦੱਸਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਾਲੇ ਕਨੂੰਨ ਵਾਪਸ ਲਏ ਜਾਣ। ਮੇਜਰ ਮਲਹੋਤਰਾ ਨੇ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਲੋਕ ਪੱਖੀ ਕੰਮਾਂ ਬਾਰੇ ਦੱਸਿਆ ਕਿ ਇਨ੍ਹਾਂ ਕੰਮਾਂ ਦੀ ਵਜਾ ਕਰਕੇ ਦਿੱਲੀ ਵਿੱਚ ਤੀਜੀ ਵਾਰ ਸਰਕਾਰ ਬਣੀ ਹੈ। ਪ੍ਰੀਤੀ ਮਲਹੋਤਰਾ ਨੇ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ। ਇਸ ਮੌਕੇ ਸੀਨੀਅਰ ਆਗੂ ਜਸਬੀਰ ਗਾਂਧੀ, ਗੁਰਧਿਆਨ ਸਿੰਘ ਹਾਜ਼ਰ ਸਨ।