ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਅਪਰੈਲ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਘਲੌੜੀ ਗੇਟ ’ਤੇ ਨਵੀਂ ਬਣੀ ਫਲ਼ ਤੇ ਸਬਜ਼ੀਆਂ ਦੀ ਰੇਹੜੀ ਫੜ੍ਹੀ ਮਾਰਕੀਟ ਵਿਚ ਅੱਜ ਅਚਾਨਕ ਦੌਰਾ ਕਰਨ ਪੁੱਜ ਗਏ। ਉਨ੍ਹਾਂ ਇਸ ਮੌਕੇ ਕੁਝ ਠੇਕੇਦਾਰਾਂ ਵੱਲੋਂ ਨਿਗਮ ਦੇ ਅਧਿਕਾਰੀਆਂ ਦੀ ਮਦਦ ਨਾਲ ਵਸੂਲੇ ਜਾ ਰਹੇ ਵਾਧੂ ਪੈਸਿਆਂ (ਗੁੰਡਾ ਟੈਕਸ) ਦੀ ਜਾਂਚ ਕਰਨ ਦੇ ਹੁਕਮ ਦਿੱਤੇ ਅਤੇ ਕਿਹਾ ਹੈ ਕਿ ਕਿਸੇ ਵੀ ਰੇਹੜੀ ਫੜ੍ਹੀ ਵਾਲੇ ਨੂੰ ਨਾਜਾਇਜ਼ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਰੇਹੜੀ ਫੜ੍ਹੀ ਮਾਲਕਾਂ ਨੇ ਵਿਧਾਇਕ ਕੋਹਲੀ ਦਾ ਇਸ ਗੱਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਕੋਲ ਤਾਂ ਅੱਜ ਤੱਕ ਕੋਈ ਵਿਧਾਇਕ ਆਇਆ ਹੀ ਨਹੀਂ ਹੈ ਇਸ ਕਰਕੇ ਉਨ੍ਹਾਂ ਮੁਸ਼ਕਲਾਂ ਵੱਲ ਕਦੇ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਗਿਆ। ਆਪਣੇ ਦੌਰੇ ਦੌਰਾਨ ਵਿਧਾਇਕ ਨੇ ਨਗਰ ਨਿਗਮ ਅਧਿਕਾਰੀਆਂ, ਐਕਸੀਅਨ ਸ਼ਾਮ ਲਾਲ ਗੁਪਤਾ, ਸੁਪਰਡੈਂਟ ਸੁਰਜੀਤ ਸਿੰਘ ਚੀਮਾ ਅਤੇ ਇੰਸਪੈਕਟਰ ਸੁਨੀਲ ਗੁਲ੍ਹਾਟੀ ਨੂੰ ਵੀ ਹਾਜ਼ਰ ਰਹਿਣ ਲਈ ਕਿਹਾ ਸੀ।
ਵਿਧਾਇਕ ਕੋਹਲੀ ਨੇ ਰੇਹੜੀ ਫੜ੍ਹੀ ਵਾਲਿਆਂ ਦੀਆਂ ਮੁਸ਼ਕਲਾਂ ਸੁਣ ਕੇ ਐਲਾਨ ਕੀਤਾ ਕਿ ਜੋ ਵਿਅਕਤੀ ਗ਼ਰੀਬ ਰੇਹੜੀ ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲਦੇ ਹਨ, ਨੂੰ ਤੁਰੰਤ ਬੰਦ ਕੀਤਾ ਜਾਵੇ। ਵਿਧਾਇਕ ਨੇ ਮੌਕੇ ’ਤੇ ਹੀ ਨਿਗਮ ਅਧਿਕਾਰੀਆਂ ਨੂੰ ਅਧੂਰਾ ਸ਼ੈੱਡ ਜਲਦੀ ਮੁਕੰਮਲ ਕਰਨ ਅਤੇ ਮੰਡੀ ਦੇ 2 ਗੇਟ ਹੋਰ ਖੋਲ੍ਹਣ ਦਾ ਆਦੇਸ਼ ਦਿੱਤਾ ਅਤੇ ਇੱਥੇ ਸਰਕਾਰੀ ਲਾਈਟਾਂ ਦਾ ਪ੍ਰਬੰਧ ਅਤੇ ਰੇਹੜੀਆਂ ਉਪਰ ਸ਼ੈੱਡ ਦਾ ਪ੍ਰਬੰਧ ਜਲਦੀ ਕਰਨ ਬਾਰੇ ਅਧਿਕਾਰੀਆਂ ਨੂੰ ਕਿਹਾ। ਇਹ ਵੀ ਪਤਾ ਲੱਗਾ ਹੈ ਕਿ ਕੁਝ ਵਿਅਕਤੀਆਂ ਨੇ ਨਿਗਮ ਤੋਂ ਫੜ੍ਹੀਆਂ ਲੈ ਕੇ ਅੱਗੇ ਹਜ਼ਾਰਾਂ ਰੁਪਏ ਵਿਚ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। ਵਿਧਾਇਕ ਨੇ ਕਿਹਾ ਅਜਿਹਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਮਹਿਲਾ ਵਿੰਗ ਵੀਰਪਾਲ ਕੌਰ ਚਹਿਲ, ਤਰਲੋਕ ਸਿੰਘ ਤੋਰਾ, ਸੋਨੀਆ ਦਾਸ, ਜਗਤਾਰ ਸਿੰਘ ਜੱਗੀ, ਜਗੀਰ ਸਿੰਘ ਪ੍ਰਧਾਨ, ਅਸ਼ੀਸ਼ ਨਈਅਰ ਤੋਂ ਇਲਾਵਾ ਹੋਰ ਆਪ ਆਗੂ ਵੀ ਮੌਜੂਦ ਸਨ।