ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਅਪਰੈਲ
ਸਰਕਾਰੀ ਦਫ਼ਤਰਾਂ ਵਿਚ ਆਮ ਲੋਕਾਂ ਦੀ ਖੱਜਲ ਖ਼ੁਆਰੀ ਸਬੰਧੀ ਵਾਰ ਵਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅੱਜ ਸਰਗਰਮ ਨਜ਼ਰ ਆਏ। ਅੱਜ ਉਨ੍ਹਾਂ ਨੇ ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਆਈਪੀਐਸ, ਨਿਗਮ ਕਮਿਸ਼ਨਰ ਕੇਸ਼ਵ ਹੰਗੋਨੀਆ ਆਈਏਐਸ ਨਾਲ ਹੰਗਾਮੀ ਮੀਟਿੰਗਾਂ ਕੀਤੀਆਂ।
ਇਸ ਦੌਰਾਨ ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹਰ ਹੀਲੇ ਦੂਰ ਕੀਤਾ ਜਾਵੇ। ਵਿਧਾਇਕ ਅਜੀਤਪਾਲ ਕੋਹਲੀ ਨੇ ਅਧਿਕਾਰੀਆਂ ਨੂੰ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਹੁਣ ਪਹਿਲਾਂ ਵਾਲੇ ਹੁਕਮ ਨਹੀਂ ਚੱਲਣਗੇ ਅਤੇ ਆਮ ਲੋਕਾਂ ਦੇ ਕੰਮ ਨੇੜੇ ਤੋਂ ਹੋ ਕੇ ਕਰਨੇ ਪੈਣਗੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਜੋ ਵੀ ਵਿਅਕਤੀ ਉਨ੍ਹਾਂ ਦੇ ਦਫ਼ਤਰ ਵਿਚ ਜਾਂਦਾ ਹੈ ਜਾਂ ਆਪਣੀ ਸ਼ਿਕਾਇਤ ਜਾਂ ਕੰਮ ਲੈ ਕੇ ਆਉਂਦਾ ਹੈ, ਉਹ ਕੰਮ ਚੰਗੀ ਤਰ੍ਹਾਂ ਸਮਝ ਕਿ ਤੁਰੰਤ ਨਿਪਟਾਇਆ ਜਾਵੇ ਤਾਂ ਕਿ ਕਿਸੇ ਨੂੰ ਵੀ ਖੱਜਲ ਖ਼ੁਆਰ ਨਾ ਹੋਣਾ ਪਵੇ। ਇਸ ਤੋਂ ਇਲਾਵਾ ਖ਼ਾਸ ਕਰ ਥਾਣਿਆਂ ਵਿਚ ਫਾਈਲਾਂ ਦੀ ਧੂੜ ਚੱਟ ਰਹੀਆਂ ਦਰਖਾਸਤਾਂ ਅਤੇ ਪੈਡਿੰਗ ਕੇਸ ਜਲਦੀ ਨਿਪਟਾਉਣ ਲਈ ਵੀ ਕਿਹਾ ਤਾਂ ਕਿ ਉਹ ਲੋਕ ਜਿਹੜੇ ਕਿ ਥਾਣਿਆਂ ਤੇ ਚੱਕਰ ਕੱਟ ਕੱਟ ਕਿ ਥੱਕ ਗਏ ਹਨ, ਨੂੰ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਸ਼ਹਿਰ ਵਿਚ ਕੋਈ ਸੱਟਾ, ਜੂਆ ਸਮੇਤ ਹੋਰ ਨਾਜਾਇਜ਼ ਧੰਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਤਾਂ ਮੇਰੇ ਨਾਲ ਸੰਪਰਕ ਕੀਤਾ ਜਾਵੇ। ਜਦਕਿ ਨਿਗਮ ਕਮਿਸ਼ਨਰ ਨੂੰ ਇਹ ਵੀ ਕਿਹਾ ਗਿਆ ਕਿ ਲੋਕ ਹਿਤ ਵਿਚ ਕੰਮ ਕੀਤੇ ਜਾਣ ਅਤੇ ਨਕਸ਼ਿਆਂ, ਬਿਲਡਿੰਗ ਫ਼ੀਸਾਂ, ਜਨਮ-ਮੌਤ ਸਰਟੀਫਿਕੇਟਾਂ ਵਿਚ ਹੋ ਰਹੀ ਦੇਰੀ ਨੂੰ ਸਰਲ ਕੀਤਾ ਜਾਵੇ ਅਤੇ ਹੋਰਨਾਂ ਬਰਾਂਚਾਂ ਵਿਚ ਜਿੱਥੇ ਕਿ ਲੋਕਾਂ ਨੂੰ ਰੋਜ਼ਾਨਾ ਵਾਂਗ ਧੱਕੇ ਖਾਣੇ ਪੈਂਦੇ ਹਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਦੇ ਕੇ ਕੰਮ ਜਲਦੀ ਨਿਪਟਾਉਣ ਲਈ ਕਿਹਾ ਜਾਵੇ। ਇਸ ਦੌਰਾਨ ਵਿਧਾਇਕ ਅਜੀਤਪਾਲ ਨੇ ਕਿਹਾ ਕਿ ਨਾਜਾਇਜ਼ ਬਿਲਡਿੰਗਾਂ ਸਮੇਤ ਹੋਰ ਕਿਸੇ ਵੀ ਕੰਮ ਵਿਚ ਅਣਗਹਿਲੀ ਨਾਂ ਵਰਤੀ ਜਾਵੇ ਅਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਏਗਾ।