ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਪਰੈਲ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਐੱਨ.ਪੀ.ਐੱਚ.ਸੀ., ਪਟਿਆਲਾ ਦੇ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਅਤੇ ਫਲਾਇੰਗ ਫੈਦਰ ਬਰਾਂਚ ਛੋਟੀ ਬਾਰਾਂਦਰੀ ਦੇ ਸਹਿਯੋਗ ਨਾਲ ਤਿਆਰ ਕੀਤਾ ਪ੍ਰਾਸਪੈਕਟ ਰਿਲੀਜ਼ ਕਰ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ। ਵਿਧਾਇਕ ਨੇ ਸਕੂਲ ਵਿਚ ਸਥਾਪਤ ਲਾਇਬ੍ਰੇਰੀ, ਸਵੱਛ ਵਾਤਾਵਰਨ ਅਤੇ ਸਮਾਰਟ ਕਲਾਸ ਰੂਮਜ਼ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਇੰਜੀ. ਅਮਰਜੀਤ ਦੀ ਬੇਨਤੀ ਉਤੇ ਵਿਧਾਇਕ ਕੋਹਲੀ ਨੇ ਭਰੋਸਾ ਦਿੱਤਾ ਕਿ ਪਟਿਆਲਾ ਸ਼ਹਿਰੀ ਹਲਕੇ ਵਿੱਚ ਆਉਂਦੇ ਸਾਰੇ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਪੂਰਾ ਯੋਗਦਾਨ ਦਿੱਤਾ ਜਾਵੇਗਾ।
ਕੋਹਲੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਿੱਖਿਆ ਅਤੇ ਸਿਹਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੇ ਮੁੱਖ ਏਜੰਡੇ ਹਨ। ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਵਿੱਚ ‘ਆਪ’ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।