ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 3 ਸਤੰਬਰ
ਇੱਥੇ ਦੇਵੀਗੜ੍ਹ ਦੇ ਬਾਜ਼ਾਰ ਅੰਦਰ ਫੜੀਆਂ ਲਾ ਕੇ ਸਬਜ਼ੀ ਵੇਚਣ ਵਾਲਿਆਂ ਨੂੰ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਕਥਿਤ ਤੌਰ’ਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਉਹ ਮੰਡੀ ਅੰਦਰੋਂ ਸਬਜ਼ੀ ਖ਼ਰੀਦਣ ਲੱਗਿਆਂ ਬਣਦੀ ਮਾਰਕੀਟ ਫ਼ੀਸ ਆੜ੍ਹਤੀਆਂ ਨੂੰ ਦੇ ਦਿੰਦੇ ਹਨ। ਫੜੀਆਂ ਤੇ ਸਬਜ਼ੀ ਵੇਚਣ ਵਾਲੇ ਕੁਝ ਸਬਜ਼ੀਆਂ ਦੇਵੀਗੜ੍ਹ ਮੰਡੀ ਅਤੇ ਕੁਝ ਸਬਜ਼ੀਆਂ ਪਟਿਆਲੇ ਦੀ ਮੰਡੀ ਤੋਂ ਲੈ ਕੇ ਆਉਂਦੇ ਹਨ। ਦੋਵੇਂ ਮੰਡੀਆਂ ਅੰਦਰੋਂ ਸਬਜ਼ੀ ਖ਼ਰੀਦਣ ਲੱਗਿਆਂ ਕੋਈ ਵੀ ਆਈ ਫਾਰਮ ਨਹੀਂ ਦਿੱਤਾ ਜਾਂਦਾ ਪਰ ਸਬਜ਼ੀ ’ਤੇ ਲੱਗਦੀ ਮਾਰਕੀਟ ਕਮੇਟੀ ਫੀਸ ਲੈ ਲਈ ਜਾਂਦੀ ਹੈ। ਸਬਜ਼ੀ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੁਧਨਸਾਧਾਂ ਦੇ ਮੁਲਾਜ਼ਮ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਕਿ ਉਹ ਉਨ੍ਹਾਂ ਦੀ ਸਬਜ਼ੀ ਅਤੇ ਵਹੀਕਲ ਜ਼ਬਤ ਕਰ ਕੇ ਮਨਮਰਜ਼ੀ ਦੀ ਫ਼ੀਸ ਅਤੇ ਉੱਪਰੋਂ ਜੁਰਮਾਨਾ ਵੀ ਵਸੂਲਣਗੇ। ਜ਼ਿਲ੍ਹਾ ਮੰਡੀ ਅਫ਼ਸਰ ਅਜੇ ਪਾਲ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਵੀ ਕੋਈ ਮੰਡੀ ਅੰਦਰੋਂ ਸਬਜ਼ੀ ਖਰੀਦਦਾ ਹੈ ਤਾਂ ਉਸ ਨੂੰ ਆਈ ਫਾਰਮ ਮਿਲਦਾ ਹੈ ਜੋ ਸੱਤ ਦਿਨਾਂ ਅੰਦਰ ਜਮ੍ਹਾਂ ਕਰਨਾ ਹੁੰਦਾ ਹੈ ਤੇ ਇਸ ਤੋਂ ਬਾਅਦ ਕੋਈ ਫ਼ੀਸ ਨਹੀਂ ਭਰਨੀ ਪੈਂਦੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਆੜ੍ਹਤੀਆਂ ਵੱਲੋਂ ਆਈ ਫਾਰਮ ਨਹੀਂ ਦਿੱਤਾ ਜਾ ਰਿਹਾ ਤਾਂ ਉਹ ਇਸ ਸਮੱਸਿਆ ਸਬੰਧੀ ਜਲਦੀ ਹੀ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਧਮਕੀਆਂ ਦੇਣ ਵਾਲੀ ਗੱਲ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਅਜਿਹਾ ਸੰਭਵ ਨਹੀਂ ਹੈ।