ਪੱਤਰ ਪ੍ਰੇਰਕ
ਪਟਿਆਲਾ, 22 ਜੂਨ
ਨਗਰ ਨਿਗਮ ਪਟਿਆਲਾ ਵਿਚ ਲੋਕਾਂ ਦੇ ਨਿੱਤ ਪੈਂਦੇ ਕੰਮਾਂ ਨੂੰ ਲੈ ਕੇ ਹੁੰਦੀ ਖੱਜਲ ਖ਼ੁਆਰੀ ਵਿਚ ਸੁਧਾਰ ਲਿਆਉਣ ਲਈ ਆਪ ਆਗੂ ਕੁੰਦਨ ਗੋਗੀਆ ਦੀ ਅਗਵਾਈ ਹੇਠ ਵਫ਼ਦ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਮਿਲਿਆ। ਇਸ ਦੌਰਾਨ ਆਪ ਆਗੂ ਕੁੰਦਨ ਗੋਗੀਆ ਨੇ ਆਪਣੇ ਵਫ਼ਦ ਸਮੇਤ ਕਮਿਸ਼ਨਰ ਨਗਰ ਨਿਗਮ ਨੂੰ ਇਕ ਸੁਝਾਉ ਪੱਤਰ ਵੀ ਸੌਂਪਿਆ। ਉਨ੍ਹਾਂ ਕਿਹਾ ਕਿ ਨਿਗਮ ਦੇ ਐੱਸਟੀਪੀ ਗੌਤਮ ਕੁਮਾਰ ਜਿਨ੍ਹਾਂ ਕੋਲ ਚੰਡੀਗੜ੍ਹ ਵਿੱਚ ਇਕ ਹੋਰ ਵਾਧੂ ਚਾਰਜ ਹੈ, ਉਹ ਪਿਛਲੇ ਕਈ ਮਹੀਨਿਆਂ ਤੋਂ ਪਟਿਆਲਾ ਨਗਰ ਨਿਗਮ ਹੀ ਨਹੀਂ ਆਏ, ਜਿਸ ਨਾਲ ਖ਼ਾਸ ਕਰ ਬਿਲਡਿੰਗ ਬ੍ਰਾਂਚ ਦੀ ਸਮੱਸਿਆ ਕਾਫ਼ੀ ਬਣੀ ਹੋਈ ਹੈ। ਇਸ ਮਸਲੇ ਤੇ ਕਮਿਸ਼ਨਰ ਵੱਲੋਂ ਤੁਰੰਤ ਐਸਟੀਪੀ ਗੋਤਮ ਨੂੰ ਲਿਖਤੀ ਪੱਤਰ ਜਾਰੀ ਕਰਕੇ ਹਾਜ਼ਰੀ ਯਕੀਨੀ ਬਣਾਉਣ ਲਈ ਆਖਿਆ ਗਿਆ। ਇਸ ਮੌਕੇ ਸੀਲ ਕੀਤੀਆਂ ਦੁਕਾਨਾਂ, ਨਾਜਾਇਜ਼ ਉਸਾਰੀਆਂ ’ਤੇ ਗੱਲਬਾਤ ਹੋਈ। ਕਮਿਸ਼ਨਰ ਅਦਿੱਤਿਆ ਉੱਪਲ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਕਿਸੇ ਵੀ ਸ਼ਹਿਰ ਵਾਸੀ ਨੂੰ ਨਿਗਮ ਦੇ ਕੰਮਾਂ ਵਿਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਰਾਜਿੰਦਰ ਮੋਹਨ, ਜਸਵਿੰਦਰ ਰਿੰਪਾ, ਰਾਜਵੀਰ ਸਿੰਘ, ਸੁਸ਼ੀਲ ਮਿੱਡਾ (ਸਾਰੇ ਬਲਾਕ ਪ੍ਰਧਾਨ), ਨੀਲਾ ਕਾਂਤ ਲੱਕੀ, ਰਾਹੁਲ ਚੌਹਾਨ, ਰਜਤ ਜਿੰਦਲ, ਭੁਪਿੰਦਰ ਮੰਚਲ, ਅਨਿਲ ਮਹਿਰਾ ਹਾਜ਼ਰ ਸਨ।