ਅਸ਼ਵਨੀ ਗਰਗ
ਸਮਾਣਾ, 1 ਫਰਵਰੀ
ਨਗਰ ਕੌਂਸਲ ਸਮਾਣਾ ਦੇ ਵਾਈਸ ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਤਪਾਲ ਨਾਹਰ ਨੇ ਕਾਂਗਰਸ ਪਾਰਟੀ ਦਾ ਹੱਥ ਛੱਡ ਅੱਜ ਪੰਜਾਬ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ। ਸੱਤਪਾਲ ਨਾਹਰ ਦੇ ਕਾਂਗਰਸ ਨੂੰ ਅਲਵਿਦਾ ਕਹਿਣ ਨਾਲ ਸਮਾਣਾ ’ਚ ਕਾਂਗਰਸ ਉਮੀਦਵਾਰ ਰਾਜਿੰਦਰ ਸਿੰਘ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਜਰਨੈਲ ਸਿੰਘ ਨੇ ਸੱਤਪਾਲ ਨਾਹਰ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਸੱਤਪਾਲ ਨਾਹਰ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਸਮਾਣਾ ’ਚ ‘ਆਪ’ ਉਮੀਦਵਾਰ ਚੇਤਨ ਸਿੰਘ ਜੌੜਾਮਾਜਰਾ ਨੂੰ ਵੱਡਾ ਫਾਇਦਾ ਮਿਲੇਗਾ। ਇਸ ਮੌਕੇ ਸੱਤਪਾਲ ਨਾਹਰ ਨੇ ਕਿਹਾ ਕਿ ਕਾਂਗਰਸ ਵਿਚ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਸੀ। ਉਹ ਪਿਛਲੇ ਕਾਫ਼ੀ ਸਮੇਂ ਤੋਂ ਘੁਟਣ ਮਹਿਸੂਸ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਕਾਂਗਰਸ ਨੂੰ ਛੱਡਣ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
ਸ਼ੇਰਪੁਰ (ਬੀਰਬਲ ਰਿਸ਼ੀ): ਹਲਕਾ ਧੂਰੀ ਨਾਲ ਸਬੰਧਤ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਤੇਜੀ ਕੱਕੜਵਾਲ ਅਤੇ ਪਿੰਡ ਸੁਲਤਾਨਪੁਰ ਦੇ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਕਬੂਲ ਕਰ ਲਈ। ਯਾਦ ਰਹੇ ਕਿ ਪੁੱਛ ਪ੍ਰਤੀਤ ਨਾ ਹੋਣ ਦੇ ਦੋਸ਼ ਲਗਾ ਕੇ ਕਾਂਗਰਸ ਛੱਡਣ ਵਾਲੇ ਯੂਥ ਆਗੂ ਤੇਜ ਤਕਰੀਬਨ 15 ਸਾਲਾਂ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਅਤਿ ਕਰੀਬੀਆਂ ਵਜੋਂ ਵਿਚਰੇ ਜਦੋਂ ਕਿ ਵਿਦਿਆਰਥੀ ਸੰਘਰਸ਼ਾਂ ’ਚੋਂ ਨਿੱਕਲੇ ਗੁਰਦੀਪ ਸਿੰਘ ਸੁਲਤਾਨਪੁਰ ਲੰਘੀ ਟਰਮ ਤੋਂ ਪਿੰਡ ਦੇ ਸਰਪੰਚ ਬਣੇ ਸਨ। ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਕੰਮ ਦੀ ਕਦਰ ਕਰਦਿਆਂ ਇਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
‘ਆਪ’ ਦਾ ਸਰਕਲ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ
ਵਿਧਾਨ ਸਭਾ ਸੀਟ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਦੀਪਕ ਕੁਮਾਰ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਂਗਰਸੀ ਉਮੀਦਵਾਰ ਰਾਜਿੰਦਰ ਸਿੰਘ ਨੇ ਦੀਪਕ ਕੁਮਾਰ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਦੱਸਿਆ ਕਿ ਇਸ ਨਾਲ ਕਾਂਗਰਸ ਨੂੰ ਕਾਫ਼ੀ ਬਲ ਮਿਲੇਗਾ। ਉਨ੍ਹਾਂ ਦੀਪਕ ਕੁਮਾਰ ਨੂੰ ਭਰੋਸਾ ਦਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ- ਸਨਮਾਨ ਦਿੱਤਾ ਜਾਵੇਗਾ। ਦੀਪਕ ਕੁਮਾਰ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ 111 ਦਿਨਾਂ ਵਿਚ ਲਏ ਸ਼ਲਾਘਾਯੋਗ ਫ਼ੈਸਲਿਆਂ ਤੇ ਹਲਕਾ ਵਿਧਾਇਕ ਰਾਜਿੰਦਰ ਸਿੰਘ ਵੱਲੋਂ ਸਮਾਣਾ ਦੇ ਕਰਵਾਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ।
ਸਰਪੰਚ ਕਲੱਬ ਪ੍ਰਧਾਨਾਂ ਸਮੇਤ ਪੰਡੋਰੀ ਨਾਲ ਤੁਰੇ
ਹਲਕਾ ਮਹਿਲ ਕਲਾਂ (ਰਾਖਵਾਂ) ਤੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਪੰਡੌਰੀ ਦੇ ਚੋਣ ਮੁਹਿੰਮ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਕਾਂਗਰਸ ਨਾਲ ਸਬੰਧਤ ਬਲਾਕ ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਪੰਚ ਗੁਰਦੀਪ ਸਿੰਘ ਅਲੀਪੁਰ, ਮਾਹਮਦਪੁਰ ਦੇ ਕਲੱਬ ਪ੍ਰਧਾਨ, ਅਲੀਪੁਰ ਖਾਲਸਾ ਦੇ ਕਲੱਬ ਪ੍ਰਧਾਨ ਪਰਮਿੰਦਰ ਸਿੰਘ ਨੇ ਸਾਥੀਆਂ ਸਮੇਤ ਪਿੰਡ ਅਲੀਪੁਰ ਦੀ ਸੱਥ ਵਿੱਚ ਚੋਣ ਜਲਸੇ ਦੌਰਾਨ ਆਪ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਉਕਤ ਆਗੂਆਂ ਨੂੰ ਸ਼ਾਮਲ ਕਰਨ ਲਈ ਦਿੱਲੀ ਤੋਂ ਖੇਤੀ ਮੰਤਰੀ ਰਾਜਿੰਦਰ ਤੋਮਰ ਅਤੇ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਪੁੱਜੇ।