ਖੇਤਰੀ ਪ੍ਰਤੀਨਿਧ
ਪਟਿਆਲਾ, 11 ਦਸੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਜਾ ਰਹੇ 7ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦਾ ਆਗਾਜ਼ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਦੇ ਵਿਦਿਆਰਥੀਆਂ ਨੇ ਗੀਤ ਤੇ ਗਜ਼ਲਾਂ ਗਾ ਕੇ ਕੀਤਾ। ਉਸ ਤੋਂ ਬਾਅਦ ਨਾਟਕ ‘ਟੂੰਮਾਂ’ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ ਨਾਟਕ ਨੂੰ ਰੰਗਮੰਚ ’ਤੇ ਫਿਲਮਾਂ ਦੇ ਸਥਾਪਤ ਕਲਾਕਾਰ ਡਾ. ਲੱਖਾ ਲਹਿਰੀ ਨੇ ਨਿਰਦੇਸ਼ਿਤ ਕੀਤਾ। ਇਸ ਨਾਟਕ ਦੀ ਕਹਾਣੀ ਪੰਜਾਬ ਦੇ ਖਿੱਤੇ ਵਿੱਚ ਪ੍ਰਚੱਲਿਤ ਲੋਕ ਗਾਥਾ ‘ਕਿਹਰ ਸਿੰਘ ਦੀ ਮੌਤ’ ਵਿਚਲੇ ਇਕ ਭੋਲ਼ੇ ਭਾਲ਼ੇ ਵਿਅਕਤੀ ਕਿਹਰ ਸਿੰਘ ’ਤੇ ਆਧਾਰਤ ਹੈ। ਪੰਜਾਬ ਵਿੱਚ ਮੁਜ਼ਾਰਿਆਂ ਦੇ ਧੀਆਂ ਪੁੱਤਾਂ ਦੇ ਸਾਕ ਵਿਆਹ ਨਾ ਹੋਣ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਜੇਕਰ ਅਜਿਹਾ ਮੇਲ ਭਿੜਦਾ ਵੀ ਹੈ ਤਾਂ ਕਸੂਤਾ ਜਾਂ ਬੇਮੇਲ ਹੁੰਦਾ ਹੈ। ਕਿਹਰ ਸਿੰਘ ਨਾਲ ਵੀ ਇਵੇਂ ਹੀ ਹੋਇਆ। ਇਸ ਮੌਕੇ ਕਲਾਕਾਰਾਂ ਵਿਪੁਲ ਅਹੂਜਾ, ਕਿਰਨਪ੍ਰੀਤ ਕੌਰ, ਫਤਿਹ ਸੋਹੀ, ਦਮਨਪ੍ਰੀਤ, ਤੁਸ਼ਾਰ ਮੁੰਦਰੀ, ਅਰਨਪ੍ਰੀਤ ਕੌਰ, ਗੋਲੂ ਭੱਟਮਾਜਰਾ, ਗੁਰਦਿੱਤ ਸਿੰਘ, ਜਗਰਾਜ ਸੰਧੂ ਆਦਿ ਦਾ ਯੋਗਦਾਨ ਰਿਹਾ। ਡਾ. ਨਿਵੇਦਿਤਾ ਉੱਪਲ (ਮੁਖੀ, ਸੰਗੀਤ ਵਿਭਾਗ) ਨੇ ਧੰਨਵਾਦ ਕੀਤਾ।