ਸਰਬਜੀਤ ਸਿੰਘ ਭੰਗੂ/ਮੁਖਤਿਆਰ ਨੌਗਾਵਾਂ
ਸਨੌਰ/ਦੇਵੀਗੜ੍ਹ, 5 ਜਨਵਰੀ
ਹਲਕਾ ਸਨੌਰ ਤੋਂ ਟਿਕਟ ਦੇ ਦਾਅਵੇਦਾਰ ਟਕਸਾਲੀ ਕਾਂਗਰਸੀ ਲਾਲ ਸਿੰਘ ਨੇ ਅੱਜ ਸ਼ਕਤੀ ਪ੍ਦਰਸ਼ਨ ਕੀਤਾ। ਇਸ ਸਬੰਧੀ ਉਨ੍ਹਾਂ ਹਲਕਾ ਸਨੌਰ ਦੇ ਕਸਬਾ ਭੁਨਰਹੇੜੀ ’ਚ ਆਪਣੇ ਹਮਾਇਤੀਆਂ ਦਾ ਵੱਡਾ ਇਕੱਠ ਕੀਤਾ। ਉਨ੍ਹਾਂ ਅੱਜ ਪਹਿਲੀ ਵਾਰ ਖੁੱਲ੍ਹੇਆਮ ਟਿਕਟ ਦੀ ਮੰਗ ਕੀਤੀ। ਬਿਨਾਂ ਕਿਸੇ ਦਾ ਨਾਂ ਲਿਆਂ ਉਨ੍ਹਾਂ ਨੇ ਹਲਕਾ ਸਨੌਰ ਨਾਲ ਸਬੰਧਤ ਕਾਂਗਰਸੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਲਾਲ ਸਿੰਘ ਦਾ ਕਹਿਣਾ ਸੀ ਕਿ ਇੰਨੇ ਤੰਗ ਤਾਂ ਕਾਂਗਰਸੀ ਕਦੇ ਅਕਾਲੀਆਂ ਦੇ ਰਾਜ ’ਚ ਵੀ ਨਹੀਂ ਹੋਏ, ਜਿੰਨੇ ਐਤਕੀਂ ਕਾਂਗਰਸ ਦੇ ਰਾਜ ’ਚ ਹੋਏ ਹਨ। ਲਾਲ ਸਿੰਘ ਨੇ ਕਿਹਾ ਕਿ ਇੱਥੋਂ ਦੇ ਕਾਂਗਰਸੀਆਂ ਨੇ ਮਸੰਦਾਂ ਦੀ ਤਰ੍ਹਾਂ ਮੰਜੀਆਂ ਡਾਹੁਣ ਵਾਲਾ ਕੰਮ ਕੀਤਾ ਸੀ। ਪਹਿਲਾਂ ਉਹ ਖੁਦ ਹੀ ਝਗੜਾ ਕਰਾਵਾ ਕੇ ਪਰਚਾ ਕਰਵਾ ਦਿੰਦੇ ਸਨ ਤੇ ਫਿਰ ਪੈਸੇ ਲੈ ਕੇ ਸਮਝੌਤਾ ਕਰਵਾ ਦਿੰਦੇ ਸਨ।
ਲਾਲ ਸਿੰਘ 1977 ਤੋਂ 2012 ਤੱਕ ਹਲਕਾ ਡਕਾਲ਼ਾ (ਹੁਣ ਨਾਂ ਸਨੌਰ) ਤੋਂ ਅੱਠ ਵਾਰ ਕਾਂਗਰਸ ਦੀ ਤਰਫ਼ੋਂ ਚੋਣ ਲੜਕੇ ਛੇ ਵਾਰ ਵਿਧਾਇਕ ਬਣੇ ਤੇ ਇੱਕ ਦਰਜਨ ਤੋਂ ਵੱਧ ਵਿਭਾਗਾਂ ਦੇ ਮੰਤਰੀ ਵੀ ਰਹੇ ਪਰ ਪਿਛਲੀ ਵਾਰ ਉਨ੍ਹਾਂ ਦੇ ਪੁੱਤਰ ਰਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਮਿਲਣ ਕਾਰਨ ਉਹ ਟਿਕਟ ਤੋਂ ਵਾਂਝੇ ਰਹਿ ਗਏ। ਅੱਜ ਇਥੇ ਉਨ੍ਹਾਂ ਨੇ ਆਖਿਆ ਉਸ ਨੇ ਅੱਜ ਤੱਕ ਕਦੇ ਵੀ ਟਿਕਟ ਨਹੀਂ ਮੰਗੀ। ਪਾਰਟੀ ਨੇ ਅੱਠੇ ਵਾਰ ਖੁਦ ਟਿਕਟ ਦਿੱਤੀ ਹੈ ਪਰ ਐਤਕੀਂ ਉਹ ਖੁਦ ਟਿਕਟ ਮੰਗ ਰਹੇ ਹਨ ਕਿਉਂਕਿ ਹਲਕੇ ਦੇ ਕਾਂਗਰਸੀ ਵਰਕਰ ਪ੍ਰੇਸ਼ਾਨ ਹਨ। ਉਨ੍ਹਾਂ ਆਖਿਆ ਕਿ ਪਿਛਲੀ ਵਾਰ ਉਸ ਦੀ ਟਿਕਟ ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਕਟਵਾ ਦਿੱਤੀ ਸੀ ਕਿਉਂਕਿ ਅਮਰਿੰਦਰ ਨੂੰ ਖਦਸ਼ਾ ਸੀ ਕਿ ਲਾਲ ਸਿੰਘ ਕਿਤੇ ਮੁੱਖ ਮੰਤਰੀ ਨਾ ਬਣ ਜਾਵੇ। ਲਾਲ ਸਿੰਘ ਨੇ ਅੱਜ ਖੁੱਲ੍ਹੇਆਮ ਐਲਾਨ ਕੀਤਾ ਕਿ ਉਹ ਹਲਕਾ ਸਨੌਰ ਤੋਂ ਟਿਕਟ ਦੇ ਦਾਅਵੇਦਾਰ ਹਨ ਤੇ ਆਸ ਹੈ ਕਿ ਪਾਰਟੀ ਉਨ੍ਹਾਂ ਨੂੰ ਜ਼ਰੂਰੀ ਮੈਦਾਨ ’ਚ ਉਤਾਰੇਗੀ। ਕਾਂਗਰਸ ਨੇ ਐਤਕੀਂ ਵੀ ਇੱਕ ਪਰਿਵਾਰ ਇੱਕ ਹੀ ਟਿਕਟ ਦਾ ਫ਼ੈਸਲਾ ਕੀਤਾ ਹੈ ਤੇ ਲਾਲ ਸਿੰਘ ਦੇ ਪੁੱਤਰ ਵਿਧਾਇਕ ਕਾਕਾ ਰਾਜਿੰਦਰ ਸਿੰਘ ਸਮਾਣਾ ਤੋਂ ਐਤਕੀਂ ਵੀ ਉਮੀਦਵਾਰ ਹੋਣਗੇ। ਲਾਲ ਸਿੰਘ ਵੱਲੋਂ ਕੀਤੀ ਗਈ ਅੱਜ ਦੀ ਇਕੱਤਰਤਾ ਵਿਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਨਿੰਦਰ ਸਿੰਘ ਫਰਾਂਸਵਾਲਾਂ, ਬਲਾਕ ਸਮਿਤੀ ਵਾਈਸ ਚੇਅਰਮੈਨ ਗੁਰਮੀਤ ਬਿੱਟੂ, ਦਮੋਦਰ ਸਿੰਘ ਸਨੌਰ, ਦਵਿੰਦਰ ਮਾੜੂ, ਭੁਪਿੰਦਰ ਨੈਣਾਂ, ਪ੍ਰਗਟ ਰੱਤਾਖੇੜਾ, ਚਰਨਜੀਤ ਭੈਣੀ, ਸਾਧੂ ਬੁਧਮੋਰ, ਤਸਵੀਰ ਸ਼ਾਦੀਪੁਰ, ਬਲਵਿੰਦਰ ਕਰਤਾਰਪੁਰ ਆਦਿ ਹਾਜ਼ਰ ਸਨ।