ਸੁਭਾਸ਼ ਚੰਦਰ
ਸਮਾਣਾ, 8 ਸਤੰਬਰ
ਪਿੰਡ ਸਧਾਰਨਪੁਰ ਵਿੱਚ ਬੀਜ ਸਾਫ਼ ਕਰਨ ਲਈ ਬਣਾਏ ਗਏ ਖੂਹ ਵਿੱਚ ਉਤਰਨ ਵੇਲੇ ਪੈਰ ਫਿਸਲਣ ਕਾਰਨ ਖੂਹ ਵਿੱਚ ਡਿੱਗੇ ਪਰਵਾਸੀ ਨੌਜਵਾਨ ਦੀ ਮੌਤ ਹੋ ਗਈ ਹੈ। ਜਾਂਚ ਅਧਿਕਾਰੀ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਪਿਲ (22) ਪੁੱਤਰ ਸ਼ਿਵ ਦਾਸ ਵਾਸੀ ਬਿਹਾਰ ਦੇ ਮਾਸੜ ਸ਼ੰਕਰ ਦਾਸ ਵੱਲੋਂ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਭਾਣਜਾ ਕਪਿਲ ਪਿੰਡ ਸਧਾਰਨਪੁਰ ਦੀ ਬੀਜ ਸਾਫ਼ ਕਰਕੇ ਵੇਚਣ ਵਾਲੀ ਫੈਕਟਰੀ ਵਿੱਚ ਕਈ ਸਾਲਾਂ ਤੋਂ ਕੰਮ ਕਰਦਾ ਸੀ। ਵੀਰਵਾਰ ਤੜਕੇ ਬੀਜ ਸਾਫ਼ ਕਰਨ ਲਈ ਉਹ ਪੌੜੀਆਂ ਦੇ ਸਹਾਰੇ ਖੂਹ ਵਿੱਚ ਉਤਰ ਰਿਹਾ ਸੀ ਕਿ ਪੈਰ ਫਿਸਲਣ ਕਾਰਨ ਉਹ ਖੂਹ ਵਿੱਚ ਹੀ ਡਿੱਗ ਪਿਆ। ਉਸ ਦਾ ਸਿਰ ਫਰਸ਼ ’ਤੇ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ। ਕਪਿਲ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਸੜਕ ਕਿਨਾਰੇ ਬੈਠੇ ਦੋ ਬੱਚੇ ਲਾਪਤਾ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਇਥੋਂ ਦੇ ਟਾਹਲੀ ਵਾਲਾ ਚੌਕ ਨੇੜਿਓਂ ਸੜਕ ਕਿਨਾਰੇ ਬੈਠੇ ਦੋ ਬੱਚੇ ਲਾਪਤਾ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਵਾਸੀ ਪਿੰਡ ਜਲਾਲਪੁਰ (ਉੱਤਰ ਪ੍ਰਦੇਸ਼) ਹਾਲ ਵਾਸੀ ਨੇੜੇ ਲੇਬਰ ਚੌਕ ਰਾਜਪੁਰਾ ਟਾਊਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਦੋ ਛੋਟੇ ਬੱਚਿਆਂ ਸਮੇਤ ਭੀਖ ਮੰਗ ਕੇ ਗੁਜ਼ਾਰਾ ਕਰਦਾ ਹੈ। ਬੀਤੇ ਦਿਨ ਉਹ ਆਪਣੇ ਬੱਚਿਆਂ ਨੂੰ ਟਾਊਨ ਦੇ ਇਕ ਢਾਬੇ ਨੇੜੇ ਲੈ ਕੇ ਬੈਠਾ ਸੀ ਤੇ ਖੁਦ ਰੋਟੀ ਲੈਣ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਬੱਚੇ ਗਾਇਬ ਸਨ।