ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮਾ ਢੀਂਡਸਾ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚਾ ਅੱਜ 364 ਵੇਂ ਦਿਨ ਵੀ ਜਾਰੀ ਰਿਹਾ। ਬਲਾਕ ਆਗੂ ਬਿੰਦਰ ਸਿੰਘ ਖੋਖਰ ਕਲਾਂ ਨੇ ਕਿਹਾ ਕਿ ਬਲਾਕ ਲਹਿਰਾਗਾਗਾ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਧਰਨਾ ਚੱਲਦੇ ਨੂੰ ਕਰੀਬ ਪੂਰਾ ਇੱਕ ਸਾਲ ਹੋ ਚੁਕਿਆ ਹੈ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਲੀਲਾ ਸਿੰਘ ਚੋਟੀਆਂ, ਸੁਖਦੇਵ ਸਿੰਘ ਕੜੈਲ, ਹਰਜਿੰਦਰ ਸਿੰਘ ਨੰਗਲਾ, ਬੂਟਾ ਸਿੰਘ ਭੁਟਾਲ ਨੇ ਐੱਸਬੀਆਈ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਬੈਂਕ ਵੱਲੋਂ ਕਿਸਾਨਾਂ ਦੀਆ ਲਿਮਟਾਂ ਵਿੱਚੋਂ ਵਕੀਲ ਖਰਚੇ ਦੇ ਨਾਂ ਹੇਠ 1850 ਰੁਪਏ ਕੱਟੇ ਜਾ ਰਹੇ ਹਨ। ਬੁਲਾਰਿਆਂ ਨੇ ਬੈਂਕ ਵੱਲੋਂ ਕਿਰਤੀ ਕਿਸਾਨਾਂ ਦੀ ਇਸ ਲੁੱਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੈਂਕ ਨੂੰ ਇਹ ਲੁੱਟ ਬੰਦ ਕਰਨੀ ਚਾਹੀਦੀ ਹੈ।