ਖੇਤਰੀ ਪ੍ਰਤੀਨਿਧ
ਪਟਿਆਲਾ, 15 ਨਵੰਬਰ
ਕਿਸਾਨੀ ਸੰਘਰਸ਼ ’ਚ ਆਪਣੀਆਂ ਜਾਨਾਂ ਗਵਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ 14 ਕਿਸਾਨਾਂ ਦੇ ਯੋਗ ਵਾਰਸਾਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 13 ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਗਏ ਹਨ ਅਤੇ ਇਕ ਕੇਸ ਦੀ ਪ੍ਰਕਿਰਿਆ ਅੰਤਿਮ ਪੜਾਅ ’ਤੇ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਨੰਦਪੁਰ ਕੇਸ਼ੋ ਦੇ ਰਫ਼ੀਕ ਖ਼ਾਨ, ਸ਼ੇਖਪੁਰਾ ਦੇ ਸੁਖਦੇਵ ਸਿੰਘ, ਬਿਲਾਸਪੁਰ ਦੇ ਬਲਵਿੰਦਰ ਸਿੰਘ, ਦੌਣ ਕਲਾਂ ਦੇ ਮਲਕੀਤ ਸਿੰਘ, ਰਣਜੀਤ ਨਗਰ ਦੇ ਇੰਦਰਜੀਤ ਸਿੰਘ, ਸਫ਼ੇੜਾ ਦੇ ਲਾਭ ਸਿੰਘ, ਲਲੌਡਾ ਦੇ ਭਗਵੰਤ ਸਿੰਘ, ਥੂਹੀ ਦੇ ਜੀਤ ਸਿੰਘ, ਫ਼ਤਿਹਗੜ੍ਹ ਛੰਨਾ ਦੇ ਭੀਮ ਸਿੰਘ ਤੇ ਸ਼ੁਤਰਾਣਾ ਦੇ ਹਜੂਰਾ ਸਿੰਘ ਦੇ ਵਾਰਸਾਂ ਨੂੰ ਡੀਸੀ ਦਫ਼ਤਰ ਵਿਖੇ ਨੌਕਰੀਆਂ ਦਿੱਤੀਆਂ ਗਈਆਂ ਹਨ। ਜਦੋਂਕਿ ਇੰਦਰਪੁਰਾ ਦੇ ਪਰਮਵੀਰ ਸਿੰਘ, ਦੌਣ ਕਲਾਂ ਦੇ ਵਰੁਣ ਅੱਤਰੀ, ਸਫੇੜਾ ਦੇ ਗੁਰਪ੍ਰੀਤ ਸਿੰਘ ਅਤੇ ਖੇੜੀ ਜੱਟਾਂ ਦੇ ਨਵਜੋਤ ਸਿੰਘ ਦੇ ਵਾਰਸਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ’ਚ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਹੈ।