ਪੱਤਰ ਪ੍ਰੇਰਕ
ਪਾਤੜਾਂ, 24 ਮਈ
ਇਥੋਂ ਬੀਤੇ ਕੱਲ੍ਹ ਗੁੰਮ ਹੋਏ ਲੜਕੇ ਦੀ ਲਾਸ਼ ਨਹਿਰ ਵਿਚੋਂ ਮਿਲਣ ਮਗਰੋਂ ਪਾਤੜਾਂ ਪੁਲੀਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਪਾਤੜਾਂ ਵਿੱਚ ਮ੍ਰਿਤਕ ਦੀ ਮਾਂ ਰਾਜੀ ਕੌਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦਾ ਲੜਕਾ ਜਸ਼ਨਦੀਪ ਸਿੰਘ (14) ਐਤਵਾਰ ਨੂੰ ਘਰੋਂ ਗਿਆ ਸੀ ਜਦੋਂ ਸ਼ਾਮ ਨੂੰ ਘਰ ਵਾਪਸ ਨਾ ਆਇਆ ਤਾਂ ਉਨ੍ਹਾਂ ਘਰ ਦੇ ਨੇੜੇ ਇੱਕ ਏਜੰਸੀ ਵਿੱਚ ਲੱਗੇ ਕੈਮਰੇ ਦੀ ਫੁਟੇਜ ਵਿੱਚ ਉਸ ਦਾ ਲੜਕਾ ਮੁਹੱਲੇ ਤੇ ਆਸ ਪਾਸ ਦੇ 4 ਹੋਰ ਲੜਕਿਆਂ ਨਾਲ ਇਕ ਮੋਟਰਸਾਈਕਲ ’ਤੇ ਜਾਂਦਾ ਦਿਖਾਈ ਦਿੱਤਾ। ਪੁਲੀਸ ਨੇ ਜਦੋਂ ਇਨ੍ਹਾਂ ਲੜਕਿਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਜਸ਼ਨਦੀਪ ਸਿੰਘ ਸੂਲਰ ਘਰਾਟ ਵਾਲੀ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੁਰਵਿੰਦਰ ਸਿੰਘ, ਅਮਿਤ ਕੁਮਾਰ, ਗੁਰਸ਼ਰਨ ਸਿੰਘ ਅਤੇ ਗਗਨਦੀਪ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਉਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।