ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਅਗਸਤ
ਪਿੰਡ ਜਲਾਲਪੁਰ ਦੇ ਐੱਸਸੀ ਭਾਈਚਾਰੇ ਵੱਲੋਂ ਚਕੋਤਾ ਭਰੇ ਜਾਣ ਦੇ ਬਾਵਜੂਦ ਜ਼ਮੀਨ ਨਾ ਮਿਲਣ ’ਤੇ ਪੰਜ ਦਰਜਨ ਦੇ ਕਰੀਬ ਪਿੰਡ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਪੱਤਰ ਲਿਖ ਕੇ ਉਨ੍ਹਾਂ ਕਾਬਜ਼ਕਾਰਾਂ ਤੋਂ ਜ਼ਮੀਨ ਦਾ ਕਬਜ਼ਾ ਛੁਡਵਾ ਕੇ ਦੇਣ ਦੀ ਮੰਗ ਕੀਤੀ। ਦਰਜਨ ਤੋਂ ਵੱਧ ਕਾਬਜ਼ਕਾਰਾਂ ਨੂੰ ਨੋਟਿਸ ਭੇਜ ਕੇ ਬੀਡੀਪੀਓ ਦਫ਼ਤਰ ਪਾਤੜਾਂ ਅੱਜ ਬੁਲਾਇਆ ਗਿਆ ਸੀ, ਪਰ ਕੁਝ ਵਿਅਕਤੀਆਂ ਦੇ ਹਾਜ਼ਰ ਨਾ ਹੋਣ ਕਾਰਨ ਮਸਲੇ ਦਾ ਹੱਲ ਨਹੀਂ ਹੋ ਸਕਿਆ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਦੀ ਅਗਵਾਈ ਹੇਠ ਕੁਲਦੀਪ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਕਿਹਾ ਕਿ 22 ਜੂਨ ਨੂੰ ਮੌਜੂਦਾ ਜਮ੍ਹਾਂਬੰਦੀ ਮੁਤਾਬਕ 180 ਏਕੜ ਜ਼ਮੀਨ ਵਿੱਚੋਂ ਸਿਰਫ਼ 88 ਏਕੜ ਜ਼ਮੀਨ ਦੀ ਬੋਲੀ ਹੋਈ ਸੀ ਜਿਸ ਵਿੱਚੋਂ ਐੱਸਸੀ ਭਾਈਚਾਰੇ ਦੇ ਹਿੱਸੇ 16 ਏਕੜ 6 ਕਨਾਲ ਦੀ ਬੋਲੀ ਟੁੱਟੀ ਸੀ ਜਿਸ ਦਾ ਉਨ੍ਹਾਂ ਨੇ ਚਕੋਤਾ ਭਰ ਦਿੱਤਾ ਹੈ, ਪਰ ਉਨ੍ਹਾਂ ਨੂੰ ਜ਼ਮੀਨ ਅਜੇ ਤੱਕ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜ ਦਰਜਨ ਤੋਂ ਵੱਧ ਐੱਸਸੀ ਭਾਈਚਾਰੇ ਦੇ ਲੋਕਾਂ ਨੇ ਇੱਕ ਪੱਤਰ ਭੇਜ ਕੇ ਇਨਸਾਫ਼ ਦੇਣ ਦੀ ਮੰਗ ਕੀਤੀ ਹੈ ਜਿਸ ਦਾ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਮੁਰੱਬਾਬੰਦੀ ਸਮੇਂ ਤੋਂ 542 ਏਕੜ ਜ਼ਮੀਨ ਗਰਾਮ ਪੰਚਾਇਤ ਜਲਾਲਪੁਰ ਦੇ ਨਾਂ ਛੱਡੀ ਗਈ ਸੀ। ਉਨ੍ਹਾਂ ਦੱਸਿਆ ਕਿ 1990 ਤੱਕ ਉਕਤ ਜ਼ਮੀਨ ਵਿੱਚੋਂ 499 ਏਕੜ ਜ਼ਮੀਨ ਪਿੰਡ ਵਾਸੀਆਂ ਨੂੰ ਚਕੋਤੇ ਉੱਤੇ ਦਿੱਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਗ੍ਰਾਮ ਪੰਚਾਇਤ ਤੇ ਪੰਚਾਇਤ ਵਿਭਾਗ ਨੇ ਸਿਰਫ 88 ਏਕੜ ਦੀ ਬੋਲੀ ਕਰਵਾਈ ਹੈ ਜਦੋਂਕਿ ਬਾਕੀ ਉਕਤ ਜ਼ਮੀਨ ਬਾਰੇ ਪੰਚਾਇਤ ਅਤੇ ਪੰਚਾਇਤ ਵਿਭਾਗ ਕੁਝ ਵੀ ਨਹੀਂ ਦੱਸ ਰਿਹਾ।
ਪੰਚਾਇਤ ਵਿਭਾਗ ਵੱਲੋਂ 13 ਕਾਬਜ਼ਕਾਰਾਂ ਨੂੰ ਆਖ਼ਰੀ ਨੋਟਿਸ ਜਾਰੀ: ਬੀਡੀਪੀਓ
ਬੀਡੀਪੀਓ ਪਾਤੜਾਂ ਜਸਵੰਤ ਸਿੰਘ ਨੇ ਦੱਸਿਆ ਕਿ ਪਿੰਡ ਜਲਾਲਪੁਰ ਦੇ ਐੱਸਸੀ ਭਾਈਚਾਰੇ ਦੀ ਜ਼ਮੀਨ ਉੱਤੇ ਕਬਜ਼ਾ ਕਰੀ ਬੈਠੇ 13 ਲੋਕਾਂ ਨੂੰ ਜ਼ਮੀਨ ਛੱਡਣ ਲਈ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਹਨ। ਅੱਜ ਉਕਤ ਕਾਬਜ਼ਕਾਰਾਂ ਆਖ਼ਰੀ ਮੌਕਾ ਦਿੰਦਿਆਂ ਬੁੱਧਵਾਰ ਨੂੰ ਬੁਲਾਇਆ ਹੈ ਤੇ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਕਾਬਜ਼ਕਾਰਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਪੁਲੀਸ ਨੂੰ ਲਿਖ ਦਿੱਤਾ ਜਾਵੇਗਾ।