ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਮਈ
ਪੰਜਾਬ ਵਿਚ ਬਿਲਡਿੰਗ ਮੈਟੀਰੀਅਲ ਦੀ ਹੋਈ ਮਹਿੰਗਾਈ ਕਰਕੇ ਆਮ ਆਦਮੀ ਨੂੰ ਮਕਾਨ ਬਣਾਉਣਾ ਮੁਸ਼ਕਿਲ ਹੋ ਗਿਆ ਹੈ। ਤੇਲ ਦੀ ਮਹਿੰਗਾਈ ਕਰਕੇ ਤਿੰਨ ਮਹੀਨਿਆਂ ਵਿਚ ਮਕਾਨ ਬਣਾਉਣਾ 35 ਫ਼ੀਸਦੀ ਤੱਕ ਮਹਿੰਗਾ ਹੋ ਗਿਆ ਹੈ। ਮਿਸਤਰੀ ਦੀ ਦਿਹਾੜੀ ਤੋਂ ਲੈ ਕੇ ਲੋਹੇ ਦੇ ਮੈਟੀਰੀਅਲ ਤੱਕ ਸਭ ਮਹਿੰਗਾ ਹੋ ਗਿਆ ਹੈ। ਵੱਧਦੀ ਮਹਿੰਗਾਈ ਕਾਰਨ ਲੋਕਾਂ ਦੇ ਘਰਾਂ ਦੇ ਨਿਰਮਾਣ ਕਾਰਨ ਵਿਚਾਲੇ ਲਟਕ ਗਏ ਹਨ।
ਜਾਣਕਾਰੀ ਅਨੁਸਾਰ ਤਿੰਨ ਮਹੀਨੇ ਪਹਿਲਾਂ 400 ਰੁਪਏ ਥੈਲੇ ਤਕ ਮਿਲਦਾ ਸੀਮਿੰਟ ਅੱਜ 480 ਰੁਪਏ ਮਿਲ ਰਿਹਾ ਹੈ। ਰੇਤਾ ਜੋ 26 ਰੁਪਏ ਫੁੱਟ ਮਿਲਦਾ ਸੀ, ਅੱਜ 32 ਰੁਪਏ ਹੈ। 5200 ਪ੍ਰਤੀ ਹਜ਼ਾਰ ਵਾਲੀ ਇੱਟ ਹੁਣ 6600 ਰੁਪਏ, 5500 ਰੁਪਏ ਕੁਇੰਟਲ ਵਾਲਾ ਸਰੀਆ ਹੁਣ 8500 ਰੁਪਏ, 600 ਰੁਪਏ ਵਾਲਾ ਰਾਜ ਮਿਸਤਰੀ ਅੱਜ 800 ਰੁਪਏ, 350 ਰੁਪਏ ਵਾਲਾ ਮਜ਼ਦੂਰ ਅੱਜ 550 ਰੁਪਏ, 3 ਰੁਪਏ ਰੋਜ਼ਾਨਾ ਦੇ ਕਿਰਾਏ ’ਤੇ ਮਿਲਣ ਵਾਲੀ ਚਾਲੀ ਅੱਜ 5 ਰੁਪਏ , ਟੋਰ ਛੋਟੇ ਤੋਂ ਲੈ ਕੇ ਲੰਬੇ ਤੱਕ 3 ਤੋਂ 7 ਰੁਪਏ ਪ੍ਰਤੀ ਦਿਨ ਵਾਲੇ ਅੱਜ 5 ਤੋਂ 10 ਰੁਪਏ, 20 ਰੁਪਏ ਕਿਰਾਏ ਤੇ ਮਿਲਦੀ ਘੋੜੀ ਅੱਜ 30 ਰੁਪਏ ਰੋਜ਼ਾਨਾ ਹੋ ਗਈ ਹੈ। ਮਕਾਨ ’ਚ ਭਰਤ ਲਈ 850 ਫੁੱਟ ਮਿੱਟੀ ਵਾਲੀ ਗੱਡੀ 3000 ਰੁਪਏ ਤੋਂ ਅੱਜ 4500 ਰੁਪਏ ਹੋ ਗਈ ਹੈ।
ਇਸ ਤੋਂ ਇਲਾਵਾ ਬਿਜਲੀ ਦੀ ਫਿਟਿੰਗ ਸਵਿੱਚਾਂ ਸਮੇਤ, ਸੀਵਰੇਜ, ਟੁੂਟੀਆਂ, ਫ਼ਲੱਸ਼ ਤੋਂ ਲੈ ਕੇ ਟਾਈਲਾਂ ਤੱਕ ਦਾ ਸਾਮਾਨ ਵੀ ਪਿਛਲੇ ਤਿੰਨ ਮਹੀਨਿਆਂ ਵਿਚ 30 ਫ਼ੀਸਦੀ ਤੱਕ ਮਹਿੰਗਾ ਹੋ ਗਿਆ ਹੈ। ਲੋਹੇ ਦੀਆਂ ਚੁਗਾਠਾਂ 55 ਰੁਪਏ ਫੁੱਟ ਵਾਲੀ ਅੱਜ 90-100 ਰੁਪਏ ਫੁੱਟ, ਲੱਕੜ ਦੀਆਂ ਚੁਗਾਠਾਂ (ਕਪੂਰ ਸਾਹਲ) ਦੀਆਂ 170 ਰੁਪਏ ਫੁੱਟ ਬਾਜ਼ੂ ਅੱਜ 200 ਰੁਪਏ ਫੁੱਟ ਮਿਲ ਰਿਹਾ ਹੈ। ਦਰਵਾਜ਼ੇ ਹੌਲਖ ਲੱਕੜ ਦੇ 1700 ਰੁਪਏ ਫੁੱਟ ਤੋਂ ਅੱਜ 1900 ਰੁਪਏ ਫੁੱਟ, ਦਰਵਾਜ਼ਿਆਂ ਵਿਚ ਪੈਣ ਵਾਲਾ ਬੋਰਡ 48 ਰੁਪਏ ਫੁੱਟ ਤੋਂ ਵੱਧ ਕੇ ਅੱਜ 62 ਰੁਪਏ ਫੁੱਟ ਹੋ ਗਿਆ ਹੈ।