ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ , 3 ਅਪਰੈਲ
ਹਲਕਾ ਸਨੌਰ ਅਧੀਨ ਪੈਂਦੇ ਬਲਾਕ ਭੁੱਨਰਹੇੜੀ ਦੇ ਸਹਾਇਕ ਖੁਰਾਕ ਤੇ ਸਪਲਾਈ ਅਫਸਰ ਪ੍ਰਿਥੀ ਸਿੰਘ ਵੱਲੋਂ ਦੇਵੀਗੜ੍ਹ ਅਤੇ ਭੁੱਨਰਹੇੜੀ ਦੇ ਡਿੱਪੂ ਹੋਲਡਰਾਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਡਿਪੂ ਹੋਲਡਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਡਿੱਪੂ ਹੋਲਡਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਗਿਆ ਕਿ ਜੋ ਸਰਕਾਰ ਵੱਲੋਂ ਗ਼ਰੀਬਾਂ ਨੂੰ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਦਿੱਤੀ ਜਾਂਦੀ ਹੈ, ਉਸ ਵਿੱਚ ਕਿਸੇ ਵੀ ਕਿਸਮ ਦੀ ਡਾਈਵਰਜ਼ਨ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਕਿਸੇ ਵੀ ਖਪਤਕਾਰ ਤੋਂ ਕੋਈ ਵੀ ਪੈਸੇ ਜਾਂ ਚਾਰਜ ਵਸੂਲ ਨਾ ਕੀਤਾ ਜਾਵੇ। ਜੇਕਰ ਅਜਿਹਾ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਹੋਲਡਰ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਜਾਣੂ ਕਰਵਾਇਆ ਕਿ ਮੁਫ਼ਤ ਦਿੱਤੀ ਜਾਣ ਵਾਲੀ ਕਣਕ ਉੱਤੇ ਜੋ ਨੌ ਫ਼ੀਸਦ ਕੱਟ ਲੱਗਿਆ ਹੋਇਆ ਸੀ, ਉਸ ਬਾਰੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਫੂਡ ਸਪਲਾਈ ਮੰਤਰੀ ਨਾਲ ਮੀਟਿੰਗ ਕਰ ਕੇ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ ਅਤੇ ਹੁਣ ਜਲਦ ਹੀ ਇਹ ਕਣਕ ਪਿੰਡਾਂ ਵਿੱਚ ਵੰਡੀ ਜਾਵੇਗੀ।