ਪੱਤਰ ਪ੍ਰੇਰਕ
ਪਾਤੜਾਂ, 12 ਮਈ
ਪਿੰਡ ਖਾਂਗ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਕਰੀਬ ਤਿੰਨ ਕਿਲੋਮੀਟਰ ਲੰਬੀ ਪਾਈ ਜਾਣ ਵਾਲੀ ਪਾਈਪ ਲਾਈਨ ਦੇ ਕੰਮ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ। ਪਾਈਪ ਲਾਈਨ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਨ ਉਪਰੰਤ ਹਲਕਾ ਵਿਧਾਇਕ ਬਾਜ਼ੀਗਰ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਨਾਲ-ਨਾਲ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਈਪ ਪੈਣ ਨਾਲ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋਣ ਕਰਕੇ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਪਾਣੀ ਮਨੁੱਖੀ ਸਿਹਤ ਲਈ ਬੇਹੱਦ ਜ਼ਰੂਰੀ ਹੈ ਪਰ ਬੇਸਮਝੀ ਨਾਲ ਕੀਤੀ ਜਾਂਦੀ ਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸੋਚ ਸਮਝ ਕੇ ਵਰਤੋਂ ਕੀਤੀ ਜਾਵੇ ਤਾਂ ਗਲੀਆਂ ਵਿੱਚ ਫਿਰਨ ਵਾਲੇ ਪਾਣੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਮਿੱਠੂ ਰਾਮ, ਸਰਪੰਚ ਦੁਤਾਲ ਕਰਨੈਲ ਸਿੰਘ, ਪੰਚ ਜੈਪਾਲ, ਗੁਰਨਾਮ ਸਿੰਘ, ਸ਼ਿਵ ਕੁਮਾਰ ਭਗਵਾਨ ਦਾਸ , ਕੁਲਵੰਤ ਰਾਮ, ਰਾਮਫਲ ਰਾਮ, ਅਜੈਬ ਸਿੰਘ ਆਦਿ ਹਾਜ਼ਰ ਸਨ।
ਆਰ.ਓ ਸਿਸਟਮ ਦਾ ਉਦਘਾਟਨ
ਘਨੌਰ (ਪੱਤਰ ਪ੍ਰੇਰਕ): ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਘਨੌਰ ਸਬ ਡਵੀਜਨ ਅਧੀਨ ਆਉਂਦੇ ਪਿੰਡ ਭੂਰੀਮਾਜਰਾ ਵਿੱਚ ਵਿਭਾਗ ਵੱਲੋਂ 5 ਲੱਖ 15 ਹਜਾਰ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਆਰ.ਓ ਸਿਸਟਮ ਤੋਂ ਲੋਕਾਂ ਨੂੰ ਏ.ਟੀ.ਐਮ ਕਾਰਡ ਰਾਹੀਂ ਸ਼ੁੱਧ ਪਾਣੀ ਪਾਣੀ ਮੁਹੱਈਆ ਕਰਵਾਉਣ ਦਾ ਉਦਘਾਟਨ ਪਿੰਡ ਦੇ ਸਰਪੰਚ ਸੁੱਖਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਸਰਪੰਚ ਸੁੱਖਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਆਰ.ਓ ਸਿਸਟਮ ਤੋਂ ਏ.ਟੀ.ਐਮ ਕਾਰਡ ਦੀ ਵਰਤੋਂ ਕਰਕੇ ਹਰ ਪਰਿਵਾਰ ਰੋਜਾਨਾਂ 20 ਲੀਟਰ ਤੱਕ ਮੁਫਤ ਪੀਣ ਦਾ ਪਾਣੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਸੁਖਬੀਰ ਸਿੰਘ ਰਿੰਕਾ, ਅਸ਼ੋਕ ਕੁਮਾਰ, ਦੇਸ਼ਾ ਸਿੰਘ, ਗੁਰਮੀਤ ਸਿੰਘ ਅਤੇ ਜੁਗਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ।