ਬਹਾਦਰ ਸਿੰਘ ਮਰਦਾਂਪੁਰ
ਘਨੌਰ, 2 ਮਾਰਚ
ਸਮੇਂ-ਸਮੇਂ ’ਤੇ ਕੌਮ ਲਈ ਜਾਨਾਂ ਵਾਰਨ ਵਾਲੇ ਜੰਗੀ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਜਦਕਿ ਇਨ੍ਹਾਂ ਵਿਚ ਸੱਚਾਈ ਘੱਟ ਹੀ ਜਾਪਦੀ ਹੈ।
ਹਲਕਾ ਘਨੌਰ ਦੇ ਪਿੰਡ ਮਰਦਾਂਪੁਰ ਦੇ ਵਸਨੀਕ ਚਾਰ ਫ਼ੌਜੀ ਸ਼ਹੀਦਾਂ ਅਤੇ ਜੈਤੋ ਮੋਰਚੇ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਕਈ ਦਹਾਕਿਆਂ ਤੋਂ ਉਡੀਕ ਰਹੇ ਹਨ ਪਰ ਅੱਜ ਤੱਕ ਯਾਦਗਾਰਾਂ ਨਹੀਂ ਬਣੀਆਂ, ਜਿਸ ਕਾਰਨ ਸ਼ਹੀਦ ਦੇ ਵਾਰਿਸਾਂ ਤੇ ਪਿੰਡ ਵਾਸੀਆਂ ਵਿੱਚ ਸਰਕਾਰ ਪ੍ਰਤੀ ਤਿੱਖਾ ਰੋਸ ਹੈ। ਪਿੰਡ ਦੇ ਵਸਨੀਕ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਈਸ਼ਰ ਸਿੰਘ ਦਸਵੀਂ ਜਮਾਤ ਪਾਸ ਕਰਨ ਉਪਰੰਤ ਸੰਨ 1956 ਵਿਚ ਫੌਜ ਦੀ ਸਿੱਖ ਰੈਜੀਮੈਂਟ ਸੈਂਟਰ 28, ਪਲਟਨ-4, ਟੀਆਰਜੀ, ਸੀ.ਓ. ਵਾਈ ਮੇਰਠ ਵਿੱਚ ਸਿਪਾਹੀ ਨੰ. 3343635 ਅਧੀਨ ਭਰਤੀ ਹੋਇਆ ਸੀ। ਸੰਨ 1962 ਦੀ ਭਾਰਤ-ਚੀਨ ਜੰਗ ਦੌਰਾਨ ਉਹ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ। ਸੰਨ 1966 ਵਿੱਚ ਸਰਕਾਰ ਵੱਲੋਂ ਉਸ ਨੂੰ ਸ਼ਹੀਦ ਐਲਾਨਿਆ ਗਿਆ ਪ੍ਰੰਤੂ ਉਸ ਸ਼ਹੀਦੀ ਦੇ ਛੇ ਦਹਾਕੇ ਬੀਤਣ ਮਗਰੋਂ ਵੀ ਸਮੇਂ ਦੀਆਂ ਸਰਕਾਰਾਂ ਨੇ ਹੋਰਨਾਂ ਕੌਮੀ ਸ਼ਹੀਦਾਂ ਦੀ ਤਰਜ਼ ’ਤੇ ਈਸ਼ਰ ਸਿੰਘ ਦੀ ਯਾਦਗਾਰ ਨਹੀਂ ਬਣਾਈ।
ਇਸੇ ਤਰ੍ਹਾਂ ਪਿੰਡ ਦੇ ਜੰਮਪਲ ਬੰਬੇ ਇੰਜਨੀਅਰਜ਼ ਵਿੱਚ ਭਰਤੀ ਹੋਏ ਸਿਪਾਹੀ ਸ਼ਹੀਦ ਕੇਸਰ ਸਿੰਘ ਦੇ ਛੋਟੇ ਭਰਾ ਪਾਲ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਕੇਸਰ ਸਿੰਘ ਬੰਬੇ ਇੰਜਨੀਅਰਜ਼ ਵਿੱਚ ਬਤੌਰ ਸਿਪਾਹੀ ਤਾਇਨਾਤ ਸੀ। ਉਹ ਸੰਨ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ ਪਰ ਅੱਧੀ ਸਦੀ ਪਿੱਛੋਂ ਵੀ ਕਿਸੇ ਸਰਕਾਰ ਨੇ ਇਸ ਸ਼ਹੀਦ ਦੀ ਯਾਦਗਾਰ ਨਹੀਂ ਬਣਾਈ। ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਜੋ ਕਿ ਖੁਦ ਵੀ ਸੇਵਾਮੁਕਤ ਫੌਜੀ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਲਾਂਸ ਨਾਇਕ ਸਰਬਜੀਤ ਸਿੰਘ 4 ਸਿਖਲਾਈ ਕੇਅਰ ਆਫ 56 ਏਪੀਓ ਵਿੱਚ ਤਾਇਨਾਤ ਸੀ। ਸਤੰਬਰ 1998 ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਸ਼ਹੀਦ ਕਿਸ ਨੂੰ ਮੰਨਦੀ ਹੈ ਜਦੋਂ ਕਿ ਕੌਮੀ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਦੇ ਰੋਜ਼ਾਨਾ ਢਿੰਡੋਰੇ ਪਿੱਟੇ ਜਾਂਦੇ ਹਨ। ਪਿੰਡ ਦੇ ਜੰਮਪਲ ਤੇ ਸੰਨ 1999 ਦੌਰਾਨ ਜੰਮੂ ਕਸ਼ਮੀਰ ਵਿੱਚ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਵਿਚ ਗੱਡੀ ਚਲਾਉਣ ਸਮੇਂ ਹਾਦਸੇ ਵਿੱਚ ਸ਼ਹੀਦ ਹੋਏ ਨਾਇਕ ਸਤਨਾਮ ਸਿੰਘ ਦੀ ਵੀ ਕੋਈ ਯਾਦਗਾਰ ਨਹੀਂ ਬਣੀ। ਇਨ੍ਹਾਂ ਤੋਂ ਪਹਿਲਾਂ ਸੰਨ 1924 ਦੌਰਾਨ ਜੈਤੋ ਮੋਰਚੇ ਵਿੱਚ ਸ਼ਹੀਦ ਹੋਏ ਪਿੰਡ ਦੇ ਜੰਮਪਲ ਜਥੇਦਾਰ ਰਤਨ ਸਿੰਘ ਦੀ ਸ਼ਹੀਦੀ ਨੂੰ ਵੀ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆਂ ਕਰ ਕੇ ਛੱਡਿਆ ਹੈ। ਸ਼ਹੀਦਾਂ ਦੇ ਵਾਰਿਸਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਜਾਣ।
ਕੀ ਕਹਿੰਦੇ ਨੇ ਅਧਿਕਾਰੀ
ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇਸ ਸੰਬਧੀ ਗੱਲ ਕਰਨ ’ਤੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ। ਸਰਕਾਰ ਬਣਨ ’ਤੇ ਪਹਿਲ ਦੇ ਆਧਾਰ ’ਤੇ ਜੰਗੀ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਜਾਣਗੀਆਂ। ਉੱਧਰ, ਐੱਸਡੀਐੱਮ ਰਾਜਪੁਰਾ ਡਾ. ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਸਰਕਾਰ ਨੂੰ ਲਿਖਿਆ ਜਾਵੇਗਾ।