ਪੱਤਰ ਪ੍ਰੇਰਕ
ਪਟਿਆਲਾ, 22 ਜਨਵਰੀ
ਡੀ.ਐੱਫ.ਓ. ਪਟਿਆਲਾ ਦੇ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਵਿਚ ਅੱਜ ਸੰਘਰਸ਼ਕਾਰੀ ਜੰਗਲਾਤ ਕਾਮੇ ਹੱਡ ਚੀਰਵੀਂ ਠੰਢ ਵਿਚ ਨੰਗੇ ਧੜ ਹੀ ਬੈਠੇ। 12 ਦਿਨਾਂ ਤੋਂ ਚੱਲ ਰਹੇ ਇਸ ਮੋਰਚੇ ਵਿਚ ਜ਼ਿਲ੍ਹਾ ਮੰਡਲ ਨੁਮਾਇੰਦੇ ਵੀਰਪਾਲ ਸਿੰਘ ਬੰਮਨਾ ਪ੍ਰਧਾਨ, ਬਲਵੀਰ ਸਿੰਘ ਮੰਡੋਲੀ ਦੱਖਣ ਪ੍ਰਧਾਨ, ਅਮਰਜੀਤ ਸਿੰਘ ਬੁੱਗਾ ਜਨਰਲ ਸਕੱਤਰ ਅਤੇ ਜੱਗਾ ਸਿੰਘ ਵਜੀਦਪੁਰ ਨੇ ਅੱਜ ਉਪ ਮੰਡਲ ਮੈਜਿਸਟਰੇਟ ਤੇ ਐੱਸ.ਪੀ. ਸਿਟੀ ਪਟਿਆਲਾ ਨਾਲ ਗੱਲਬਾਤ ਕਰ ਕੇ ਮੰਗ ਪੱਤਰ ਦਿੱਤਾ ਗਿਆ ਅਤੇ ਵੱਡੀ ਗਿਣਤੀ ਵਿਚ ਵੀਰਪਾਲ ਸਿੰਘ ਦੀ ਅਗਵਾਈ ਹੇਠ ਇਕੱਤਰ ਹੋ ਕੇ ਇਕ ਮੈਮੋਰੰਡਮ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵੀ ਤਹਿਸੀਲਦਾਰ ਰਾਹੀਂ ਪੇਸ਼ ਕੀਤਾ ਗਿਆ। ਧਰਨਾਕਾਰੀ ਤਰਸੇਮ ਸਿੰਘ, ਬਲਕਾਰ ਸਿੰਘ, ਭੋਲਾ ਨਾਥ, ਕਰਮ ਸਿੰਘ, ਬਬਲੀ ਸ਼ੇਰ ਨੇ ਕਿਹਾ ਕਿ ਇਨ੍ਹਾਂ ਦੇ ਰਵੱਈਏ ਕਰ ਕੇ ਯੂਨੀਅਨ ਦੇ ਝੰਡੇ ਹੇਠ ਪਰਿਵਾਰਾਂ ਸਮੇਤ 26 ਜਨਵਰੀ ਨੂੰ ਪਟਿਆਲਾ ’ਚ ਮਾਰਚ ਕੀਤਾ ਜਾਵੇਗਾ ਅਤੇ ਇੱਕ 20 ਸਫ਼ਿਆਂ ਦਾ ਚਿੱਠਾ ਮੁੱਖ ਮੰਤਰੀ ਪੰਜਾਬ ਦੇ ਨਾਮ ’ਤੇ ਦਿੱਤਾ ਜਾਵੇਗਾ।