ਸੁਭਾਸ਼ ਚੰਦਰ
ਸਮਾਣਾ, 8 ਦਸੰਬਰ
ਬੁੱਧਵਾਰ ਸ਼ਾਮ ਸਮੇਂ ਸਮਾਣਾ-ਪਟਿਆਲਾ ਸੜਕ ’ਤੇ ਦੋ ਕਾਰਾਂ ਅਤੇ ਇਕ ਟਰੱਕ ਦੀ ਹੋਈ ਟਕੱਰ ਵਿੱਚ ਸਕਾਰਪੀਓ ਗੱਡੀ ਵਿੱਚ ਸਵਾਰ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਪਟਿਆਲਾ ਲਿਜਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਅੱਜ ਇਕ ਧਾਰਮਿਕ ਸਮਾਗਮ ਤੋਂ ਬਾਅਦ ਸਕਾਰਪੀਓ ਵਿੱਚ ਸਵਾਰ ਹੋ ਕੇ 4 ਨਿੰਹਗ ਸਿੰਘ ਅਤੇ ਇਕ ਚਾਲਕ ਵਾਪਸ ਪਟਿਆਲਾ ਜਾ ਰਹੇ ਸਨ ਤਾਂ ਇਸ ਦੌਰਾਨ ਜਦੋਂ ਉਹ ਆਦਰਸ਼ ਪੈਲੇਸ ਨੇੜੇ ਪਹੁੰਚੇ ਤਾਂ ਸਕਾਰਪੀਓ ਗੱਡੀ ਇਕ ਕਾਰ ਨਾਲ ਟਕਰਾਉਣ ਤੋਂ ਬਾਅਦ ਸੰਤੂਲਨ ਵਿਗੜ ਜਾਣ ਤੋਂ ਬਾਅਦ ਇਕ ਟਰੱਕ ਨਾਲ ਜਾ ਟਕਰਾਈ। ਜਿਸ ਕਾਰਨ ਸਕਾਰਪਿਓ ਵਿੱਚ ਸਵਾਰ ਪਿਆਰਾ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਸਰਬਜੀਤ ਸਿੰਘ ਤੇ ਸ਼ੇਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। 108 ਐਂਬੂਲੈਂਸ ਦੇ ਡਾਕਟਰ ਗੁਰਪ੍ਰੀਤ ਸਿੰਘ ਅਤੇ ਚਾਲਕ ਵਿਕਰਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦਰਸ਼ਨ ਸਿੰਘ ਅਤੇ ਪਿਆਰਾ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂਕਿ ਦੂਜੀ ਕਾਰ ਦਾ ਚਾਲਕ ਵਾਲ-ਵਾਲ ਬਚ ਗਿਆ ਹੈ। ਸਿਟੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਸ਼ੁਰੂ ਕਰਵਾਈ।