ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਕਤੂਬਰ
ਆਮ ਤੌਰ ’ਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਪਹਿਲੀ ਅਕਤੂਬਰ ਤੋਂ ਹੀ ਕੀਤੀ ਜਾਂਦੀ ਹੈ। ਇਸ ਵਾਰ ਕੇਂਦਰ ਸਰਕਾਰ ਵੱਲੋਂ ਖ਼ਰਾਬ ਮੌਸਮ ਦੇ ਹਵਾਲੇ ਨਾਲ ਫ਼ਸਲ ’ਚ ਸਿੱਲ੍ਹ ਜ਼ਿਆਦਾ ਹੋਣ ਦਾ ਤਰਕ ਦੇ ਕੇ ਖ਼ਰੀਦ ਦਸ ਦਿਨ ਅੱਗੇ ਪਾ ਦਿੱਤੀ ਗਈ ਹੈ। ਇਸ ਕਾਰਨ ਪੰਜਾਬ ਸਰਕਾਰ, ਆੜ੍ਹਤੀ ਵਰਗ ਅਤੇ ਸਣੇ ਕਿਸਾਨਾਂ ਸਮੇਤ ਕੰਬਾਈਨ ਮਾਲਕਾਂ ਅਤੇ ਮਜ਼ਦੂਰ ਵਰਗ ਵੱਲੋਂ ਕੀਤੀ ਗਈ ਵਿਉਂਤਬੰਦੀ ਵੀ ਉਥਲ-ਪੁਥਲ ਹੋ ਕੇ ਰਹਿ ਗਈ ਹੈ।
ਇਕੱਤਰ ਵੇਰਵਿਆਂ ਅਨੁਸਾਰ ਅੱਜ ਪਹਿਲੀ ਅਕਤੂਬਰ ਨੂੰ ਪਟਿਆਲਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਕਰੀਬ ਪੰਜਾਹ ਹਜ਼ਾਰ ਕੁਇੰਟਲ ਝੋਨਾ ਪੁੱਜ ਚੁੱਕਾ ਹੈ। ਉੱਪਰੋਂ ਮੌਸਮ ਵੀ ਖ਼ਰਾਬ ਹੈ। ਕਿਸਾਨਾਂ ਤੇ ਆੜ੍ਹਤੀਆਂ ਦੀ ਆਪਸੀ ਸਾਂਝ ਦੇ ਚੱਲਦਿਆਂ ਆੜ੍ਹਤੀਆਂ ਨੇ ਅਣ-ਅਧਿਕਾਰਤ ਤੌਰ ’ਤੇ ਫ਼ਸਲ ਨੂੰ ਜਾਂ ਤਾਂ ਸ਼ੈੱਡਾਂ ਦੇ ਹੇੇਠ ਸੁਟਵਾ ਲਿਆ ਹੈ ਜਾਂ ਪੁਰਾਣੇ ਬਾਰਦਾਨੇ ਵਿਚ ਭਰਵਾ ਕੇ ਸੰਭਾਲ਼ ਕੇ ਰੱਖ ਲਿਆ ਹੈ ਤਾਂ ਜੋ ਖ਼ਰੀਦ ਸ਼ੁਰੂ ਹੋਣ ਮੌਕੇ ਬੋਲੀ ਲਵਾਈ ਜਾ ਸਕੇ।
ਰਾਜਪੁਰਾ ਖੇਤਰ ਵਿਚ ਪਟਿਆਲਾ ਹੀ ਨਹੀਂ, ਬਲਕਿ ਪੰਜਾਬ ਦੇ ਕਈ ਖੇਤਰਾਂ ਵਿਚੋਂ ਸਭ ਤੋਂ ਪਹਿਲਾਂ ਝੋਨੇ ਦੀ ਵਾਢੀ ਸ਼ੁਰੂ ਹੁੰਦੀ ਹੈ। ਸ਼ੁੱਕਰਵਾਰ ਰਾਤ ਦਸ ਵਜੇ ਤੱਕ ਇਕੱਲੀ ਰਾਜਪੁਰਾ ਅਨਾਜ ਮੰਡੀ ਵਿਚ ਪੰਜਾਹ ਹਜ਼ਾਰ ਕੁਇੰਟਲ ਝੋਨੇ ਦੀ ਫ਼ਸਲ ਪੁੱਜ ਚੁੱਕੀ ਸੀ। ਆੜ੍ਹਤੀਆਂ ਦੇ ਪ੍ਰਧਾਨ ਹਰਜੀਤ ਸਿੰਘ ਲਾਡਾ ਤੇ ਆੜ੍ਹਤੀ ਆਗੂ ਨੌਹਟੀ ਸਣੇ ਹੋਰਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਸ ਤੋਂ ਇਲਾਵਾ ਪਟਿਆਲਾ ਨਾਲ ਲੱਗਦੀ ਸਨੌਰ ਮੰਡੀ ਵਿਚ ਤਿੰਨ ਹਜਾਰ ਕੁਇੰਟਲ ਫਸਲ ਪੁੱਜਣ ਦੀ ਕਾਂਗਰਸ ਦੇ ਹਲਕਾ ਇੰਚਾਰਜ ਹੈਰੀਮਾਨ ਅਤੇ ਆੜ੍ਹਤੀ ਆਗੂ ਹਰਜਿੰਦਰ ਹਰੀਕਾ ਨੇ ਪੁਸ਼ਟੀ ਕੀਤੀ ਹੈ। ਉਧਰ ਹਰਿਆਣਾ ਦੀ ਹੱਦ ’ਤੇ ਪੈਂਦੀ ਦੇਵੀਗੜ੍ਹ ਮੰਡੀ ਵਿਚ 1500 ਕੁਇੰਟਲ ਝੋਨੇ ਦੀ ਫਸਲ ਪੁੱਜ ਚੁੱਕੀ ਹੈ। ਜਿਸ ਦੀ ਮਾਰਕਿਟ ਕਮੇਟੀ ਦੂਧਣਸਾਧਾਂ ਦੇ ਚੇਅਰਮੈਨ ਜੀਤ ਸਿੰਘ ਮੀਰਾਂਪੁਰ ਨੇ ਪੁਸ਼ਟੀ ਕੀਤੀ ਹੈ। ਭਾਦਸੋਂ ਮੰਡੀ ਵਿਚ ਇੱਕ ਹਜਾਰ ਕੁਇੰਟਲ ਝੋਨਾ ਪੁੱਜ ਚੁੱਕਾ ਹੈ। ਜਿਸ ਦੀ ਪੁਸਟੀ ਮਾਰਕਿਟ ਕਮੇਟੀ ਭਾਦਸੋਂ ਦੇ ਸਾਬਕਾ ਚੇਅਰਮੈਨ ਲਖਵੀਰ ਲੌਟ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਟੌਹੜਾ ਤੇ ਮਨੀ ਭੰਗੂ ਵੀ ਕਰਦੇ ਹਨ।