ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੂਨ
ਇੱਥੋਂ ਨਜ਼ਦੀਕ ਟੁਰਨਾ ਪੈਲੇਸ ਵਿੱਚ ਸਮਾਜ ਸੇਵੀ ਅਤੇ ਪਰਵਾਸੀ ਭਾਰਤੀ ਸੁਰਿੰਦਰ ਸਿੰਘ ਨਿੱਝਰ ਵੱਲੋਂ ਅੱਖਾਂ ਦੀ ਮੁਫਤ ਜਾਂਚ ਅਤੇ ਅਪ੍ਰੇਸ਼ਨ ਸਬੰਧੀ ਮੈਗਾ ਕੈਂਪ ਲਗਾਇਆ ਗਿਆ। ਸ੍ਰੀ ਨਿੱਝਰ ਵੱਲੋਂ ਪਹਿਲਾਂ ਹਲਕਾ ਘਨੌਰ ’ਚ ਵੀ ਸਮਾਜ ਭਲਾਈ ਦੇ ਅਨੇਕਾਂ ਹੀ ਕਾਰਜ ਕੀਤੇ ਹਨ। ਘਨੌਰ ਹਲਕੇ ਦੇ ਕਈ ਗਰੀਬ ਪਰਿਵਾਰਾਂ ਲਈ ਸ੍ਰੀ ਨਿੱਝਰ ਨੇ ਆਪਣੇ ਪੱਲਿਉਂ ਮਕਾਨ ਵੀ ਬਣਵਾ ਕੇ ਦਿੱਤੇ ਹਨ। ਕੈਂਪ ਦਾ ਉਦਘਾਟਨ ਕਰਦਿਆਂ, ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸ੍ਰੀ ਨਿੱਝਰ ਦੀ ਸੇਵਾਭਾਵਨਾ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਤਿੰਨ ਹਜ਼ਾਰ ਮਰੀਜ਼ਾਂ ਦੀਆ ਅੱਖਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚ 325 ਮਰੀਜ਼ਾਂ ਦੇ ਲੈਂਜ ਪਾਉਣ ਲਈ ਚੋਣ ਕੀਤੀ ਗਈ। ਇਸ ਮੌਕੇ ਹੀ 1100 ਮਰੀਜ਼ਾਂ ਨੂੰ ਐਨਕਾਂ ਦੇਣ ਸਮੇਤ ਹੋਰ ਸੈਂਕੜੇ ਹੀ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 840 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਅਤੇ 70 ਅੰਗਹੀਣਾਂ ਨੂੰ ਵ੍ਹੀਲ ਚੇਅਰਾਂ ਵੰਡੀਆਂ ਗਈਆਂ। ਇਸ ਮੌਕੇ ਕਲਵਿੰਦਰ ਸਿੰਘ ਮਰਦਾਂਪੁਰ, ਸਰਪੰਚ ਲਾਲ ਸਿੰਘ ਮਰਦਾਂਪੁਰ, ਮਲਕੀਤ ਸਿੰਘ ਖਜੂਰਲਾ, ਬੂਟਾ ਸਿੰਘ, ਸੌਰਵ ਸਿੰਘ, ਸਿਮਨਜੀਤ ਕੌਰ ਪਠਾਣਮਾਜਰਾ ਮੌਜੂਦ ਸਨ।