ਮੁੱਖ ਅੰਸ਼
- ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਰਹਿਣ ਕਾਰਨ ਰਾਹਗੀਰ ਹੁੰਦੇ ਨੇ ਖ਼ੁਆਰ
- ਡੇਂਗੂ ਤੇ ਮਲੇਰੀਆ ਵਿਰੋਧੀ ਮੁਹਿੰਮ ਨੂੰ ਵੀ ਲੱਗਦੀ ਹੈ ਢਾਹ
ਖੇਤਰੀ ਪ੍ਰਤੀਨਿਧ
ਪਟਿਆਲਾ, 24 ਜੁਲਾਈ
ਸ਼ਾਹੀ ਸ਼ਹਿਰ ਪਟਿਆਲਾ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਅਯੋਗ ਪ੍ਰਬੰਧਾਂ ਕਾਰਨ ਮੀਂਹ ਤੋਂ ਦੋ ਦਿਨਾਂ ਬਾਅਦ ਵੀ ਬਰਸਾਤ ਦਾ ਪਾਣੀ ਸੜਕਾਂ ਅਤੇ ਹੋਰ ਨੀਵੀਂਆਂ ਥਾਵਾਂ ’ਤੇ ਖੜ੍ਹਾ ਰਹਿੰਦਾ ਹੈ। ਕਈ ਥਾਵਾਂ ਤਾਂ ਅਜਿਹੀਆਂ ਹਨ ਜੋ ਬਰਸਾਤ ਦੇ ਮੌਸਮ ’ਚ ਮਸਾਂ ਹੀ ਸੁੁੱਕਦੀਆਂ ਹਨ।
ਇੱਥੋਂ ਦੇ ਬੱਸ ਅੱਡੇ ਦੇ ਮੂਹਰੇ ਬਰਸਾਤ ਦੇ ਦਿਨਾਂ ’ਚ ਤਕਰੀਬਨ ਹਮੇਸ਼ਾਂ ਹੀ ਚਿੱਕੜ ਹੋਇਆ ਰਹਿੰਦਾ ਹੈ ਕਿਉਂਕਿ ਇਸ ਦੇ ਖੱਬੀ ਪਾਸੇ ਪੈਂਦੇ ਬੱਸਾਂ ਦੇ ਬਾਹਰ ਨਿਕਲਣ ਵਾਲੇ ਗੇਟ ਦੇ ਬਿਲਕੁਲ ਮੂਹਰੋਂ ਲੰਘਦੀ ਸੜਕ ਨੀਵੀਂ ਹੈ ਜਿਸ ਕਾਰਨ ਬਰਸਾਤ ਦੌਰਾਨ ਤਾਂ ਇੱਥੇ ਇਸ ਕਦਰ ਪਾਣੀ ਭਰ ਜਾਂਦਾ ਹੈ ਕਿ ਲੋਕਾਂ ਦਾ ਇਸ ਰਸਤੇ ਤੋਂ ਬੱਸ ਅੱਡੇ ਅੰਦਰ ਜਾਣਾ ਅਸੰਭਵ ਹੋ ਜਾਂਦਾ ਹੈ। ਇੱਥੋਂ ਤੱਕ ਕਿ ਮੀਂਹ ਪੈਣ ਤੋਂ ਦੋ-ਤਿੰੰਨ ਬਾਅਦ ਵੀ ਇੱਥੇ ਪਾਣੀ ਨਹੀਂ ਸੁੱਕਦਾ ਅਤੇ ਲੋਕਾਂ ਨੂੰ ਚਿੱਕੜ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਨਗਰ ਨਿਗਮ ਦੇ ਦਫਤਰ ਤੋਂ ਕੁਝ ਕੁ ਗਜ ਦੂਰ ਸਥਿਤ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਸਾਹਿਬ ਨੂੰ ਜਾਂਦੀ ਸੜਕ ਦਾ ਇੱਕ ਕੋਣਾ ਅਜਿਹਾ ਹੈ ਜਿੱਥੇ ਮੀਂਹ ਦਾ ਪਾਣੀ ਨਹੀਂ ਸੁੱਕਦਾ ਜਿਸ ਕਾਰਨ ਗੁਰਦੁਆਰੇ ਜਾਣ ਵਾਲੀ ਸੰਗਤ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੀ ਬਾਰ੍ਹਾਂਦਰੀ ਦੇ ਬੇਅੰਤ ਸਿੰਘ ਸ਼ਾਪਿੰਗ ਕੰਪਲੈਕਸ ਵਿਚਲੀ ਪਾਰਕ ਵਿੱਚ ਤਾਂ ਬਰਸਾਤ ਦਾ ਪਾਣੀ ਹਫ਼ਤਾ-ਹਫ਼ਤਾ ਖੜ੍ਹਾ ਰਹਿੰਦਾ ਹੈ। ਨਗਰ ਨਿਗਮ ਦੀ ਅਜਿਹੀ ਬੇਧਿਆਨੀ ਸਿਹਤ ਵਿਭਾਗ ਵੱਲੋਂ ਡੇਂਗੂ ਖਿਲਾਫ਼ ਵਿੱਢੀ ਮੁਹਿੰਮ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਧੂਰੀ ਤੋਂ ਨਾਭਾ ਨੂੰ ਜਾਂਦੀ ਸੜਕ ਦਾ ਮਾੜਾ ਹਾਲ
ਧੂਰੀ (ਹਰਦੀਪ ਸਿੰਘ ਸੋਢੀ): ਧੂਰੀ ਤੋਂ ਨਾਭਾ ਵਾਇਆ ਛੀਟਾਵਾਲਾ ਨੂੰ ਜਾਂਦੀ ਮੁੱਖ ਸੜਕ ਦੀ ਖ਼ਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ ਤੇ ਉਨ੍ਹਾਂ ਵੱਲੋਂ ਸਮੇਂ ਤੋਂ ਪਹਿਲਾਂ ਸੜਕ ਟੁੱਟਣ ਦੀ ਜਾਂਚ ਮੰਗੀ ਜਾ ਰਹੀ ਹੈ। ਇਸ ਸਬੰਧੀ ਸਮਾਜ ਸੇਵੀ ਸੰਸਥਾ ਦੇ ਆਗੂ ਕਿਰਪਾਲ ਸਿੰਘ ਰਾਜੋਮਾਜਰਾ, ਹਰਬੰਸ ਸਿੰਘ ਸੋਢੀ ਤੇ ਜਗਦੀਸ਼ ਸ਼ਰਮਾ ਨੇ ਕਿਹਾ ਕਿ ਇਸ ਸੜਕ ਰਾਹੀਂ ਲੋਕ ਧੂਰੀ ਤੋਂ ਨਾਭਾ, ਪਟਿਆਲਾ ਤੇ ਚੰਡੀਗੜ੍ਹ ਨੂੰ ਜਾਂਦੇ ਹਨ ਅਤੇ ਇਸ ਸੜਕ ’ਤੇ ਦਰਜਨਾਂ ਪਿੰਡਾਂ ਦੇ ਲੋਕ ਸ਼ਹਿਰ ਆਉਂਦੇ ਹਨ। ਵੱਡੀ ਗਿਣਤੀ ਵਿਦਿਆਰਥੀ ਵੀ ਪੜ੍ਹਨ ਲਈ ਪਿੰਡਾਂ ਤੋਂ ਸ਼ਹਿਰ ਜਾਣ ਵਾਸਤੇ ਇਸੇ ਸੜਕ ਦੀ ਵਰਤੋਂ ਕਰਦੇ ਹਨ ਪਰ ਹੁਣ ਇਹ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਸੜਕ ਵਿੱਚ ਵੱਡੇ-ਵੱਡੇ ਅਤੇ ਡੂੰਘੇ ਟੋਏ ਪੈ ਗਏ ਹਨ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁੱਖ ਸੜਕ ਕੁਝ ਸਾਲ ਪਹਿਲਾਂ ਹੀ ਬਣੀ ਸੀ ਜਿਸ ਦਾ ਇੱਕ ਮੀਂਹ ਪੈਣ ਤੋਂ ਬਾਅਦ ਟੁੱਟਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਦੁਬਾਰਾ ਬਣਾਉਣ ਦੇ ਨਾਲ ਇਸ ਦੇ ਸਮੇਂ ਤੋਂ ਪਹਿਲਾਂ ਟੁੱਟਣ ਦੀ ਜਾਂਚ ਵੀ ਹੋਣੀ ਚਾਹੀਦੀ ਹੈ।