ਖੇਤਰੀ ਪ੍ਰਤੀਨਿਧ
ਪਟਿਆਲਾ, 18 ਜਨਵਰੀ
ਨੌਜਵਾਨ ਵਰਗ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਦੀ ਇੱਥੇ ਹੋਈ ਇੱਕ ਅਹਿਮ ਤੇ ਰਾਜ ਪੱਧਰੀ ਮੀਟਿੰਗ ਦੌਰਾਨ ਰਾਜ ਵਿਆਪੀ ‘ਨੌਜਵਾਨ ਬਚਾਓ ਫਰੰਟ’ ਦੀ ਸਥਾਪਨਾ ਕੀਤੀ ਗਈ। ਜਿਸ ਦੇ ਕਨਵੀਨਰ ਪ੍ਰਿੰਸੀਪਲ ਹਰਦੀਪ ਸਿੰਘ ਤੇਜਾ (ਡਾ.) ਹੋਣਗੇ। ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਇਸ ਵਿੱਚ ਵਿੱਦਿਅਕ ਖੇਤਰ ਸਮੇਤ ਹੋਰ ਵੱੱਖ-ਵੱਖ ਵਰਗਾਂ ਦੇ ਨੁਮਾਇੰੰਦੇ ਸ਼ਾਮਲ ਹਨ, ਪਰ ਇਹ ਰਾਜ ਵਿਆਪੀ ‘ਨੌਜਵਾਨ ਬਚਾਓ ਫਰੰਟ’ ਨਿਰੋਲ ਰੂਪ ਵਿਚ ਗੈਰ ਸਿਆਸੀ ਸੰਗਠਨ ਹੋਵੇਗਾ। ਇਸ ਫਰੰਟ ਦੀ ਸਿਰਜਣਾ ਲਈ ਹੋਈ ਇਸ ਪਲੇਠੀ ਮੀਟਿੰਗ ਦੌਰਾਨ ਸਰਪੰਚਾਂ, ਪੰਚਾਂ, ਯੂਥ ਕਲੱਬਾਂ ਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਦੇ ਅਧਿਆਪਕਾਂ ਸਮੇਤ ਆਮ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ। ਫਰੰਟ ਦੀ ਨੀਂਹ ਰੱਖਣ ਮੌਕੇ ਮੌਜੂਦ ਸ਼ਖਸੀਅਤਾਂ ਦਾ ਇਹ ਵੀ ਤਰਕ ਸੀ ਕਿ ਨੌਕਰੀਆਂ ਦੇ ਯੋਗ ਹੁੰਦਿਆਂ ਵੀ ਨੌਜਵਾਨ ਵਾਂਝੇ ਰਹਿ ਜਾਂਦੇ ਹਨ। ਖਾਲੀ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ। ਕਈ ਕਈ ਸਾਲਾਂ ਤੋਂ ਐੱਡਹਾਕ ਜਾਂ ਕੰਟਰੈਕਟ ਆਧਾਰ ’ਤੇ ਕੰਮ ਲੈਂਦਿਆਂ ਸੋਸ਼ਣ ਕੀਤਾ ਜਾਂਦਾ ਹੈ। ਕਿੱਤਾ ਮੁਖੀ ਕੋਰਸ ਸ਼ੁਰੂ ਕਰਵਾਉਣ, ਵਿਦਿਆਰਥੀਆਂ ਨੂੰ ਵਜ਼ੀਫਾ ਯਕੀਨੀ ਬਣਵਾਉਣ ਲਈ ਚਾਰਾਜੋਈ ਦਾ ਨਿਰਣਾ ਵੀ ਲਿਆ।