ਤੀਜਾ ਤੇ ਚੌਥਾ ਦਰਜਾ ਮੁਲਾਜ਼ਮਾਂ ਨੇ ਥਾਲੀਆਂ ਖੜਕਾ ਕੀਤਾ ਸਰਕਾਰ ਦਾ ਪਿੱਟ ਸਿਆਪਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਪਰੈਲ
ਪੰਜਾਬ ਲੋਕ ਨਿਰਮਾਣ ਵਿਭਾਗ ਅਤੇ ਜਲ ਸਰੋਤ ਵਿਭਾਗ ਦੇ ਤੀਜਾ ਤੇ ਚੌਥਾ ਦਰਜਾ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਇਸ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਭਾਖੜਾ ਮੇਨ ਲਾਈਨ ਸਰਕਲ ਕੰਪਲੈਕਸ ਵਿੱਚ ਰੈਲੀ ਕਰ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਇਸ ਦੌਰਾਨ ਕੰਮਕਾਜੀ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਇਕੱਤਰ ਹੋਏ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇੇ ਥਾਲੀਆਂ ਖੜਕਾ ਕੇ ਸਰਕਾਰ ਤੱਕ ਸੁਨੇਹਾ ਪਹੁੰਚਾਉਣ ਦੇ ਯਤਨ ਕੀਤੇ ਕਿ ਤਨਖਾਹਾ ਨਾ ਮਿਲਣ ਕਰਕੇ ਉਨ੍ਹਾ ਨੂੰ ਘਰਾਂ ਦੇ ਚੁੱਲ੍ਹੇ ਚਲਾਉਣੇ ਵੀ ਮੁਸ਼ਕਲ ਹੋ ਰਹੇ ਹਨ।
ਰੈਲੀ ਨੂੰ ਸੰਬੋਧਨ ਕਰਦਿਆਂ, ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਸੂਬਾਈ ਆਗੂ ਜਗਮੋਹਨ ਨੌਲੱਖਾ ਦਾ ਕਹਿਣਾ ਸੀ ਕਿ ਅਪਰੈਲ ਮਹੀਨਾ ਹਰੇਕ ਪਰਿਵਾਰ ਲਈ ਹੀ ਸਭ ਤੋਂ ਵੱਧ ਖਰਚੀਲਾ ਹੁੰਦਾ ਹੈ ਕਿਉਂਕਿ ਅਪਰੈਲ ’ਚ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਕਰਕੇ ਬੱਚਿਆਂ ਦੇ ਦਾਖਲੇ, ਕਾਪੀਆਂ-ਕਿਤਾਬਾਂ, ਵਰਦੀਆਂ ਖਰੀਦਣੀਆਂ ਹੁੰਦੀਆਂ ਹਨ। ਮੁਲਾਜ਼ਮ ਕਣਕ ਵੀ ਇਸੇ ਮਹੀਨੇ ਹੀ ਖਰੀਦ ਦੇ ਹਨ ਪਰ ਇਸ ਸਭ ਕੁਝ ਜਾਣਦੇ ਹੋਏ ਵੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਜਾਰੀ ਕੀਤੀਆਂ ਜਾ ਰਹੀਆਂ। ਇਸ ਕਾਰਨ ਖਾਸ ਕਰਕੇ ਚੌਥਾ ਦਰਜਾ ਮੁਲਾਜ਼ਮਾਂ ਨੂੰ ਹੋਰ ਵੀ ਵਧੇਰੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਗਰੋਂ ਮੁਲਾਜ਼ਮਾਂ ਨੇ ਕੰਪਲੈਕਸ ਵਿੱਚ ਰੋਸ ਮਾਰਚ ਵੀ ਕੀਤਾ। ਮੁਲਾਜ਼ਮ ਇਹ ਮੰਗ ਵੀ ਕਰ ਰਹੇ ਸਨ ਕਿ ਵਿਭਾਗ ਵਿੱਚ ਨਵੇਂ ਤਾਇਨਾਤ ਹੋਏ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਇਸ ਪਾਸੇ ਨਿੱਜੀ ਧਿਆਨ ਦੇ ਕੇ ਜਲ ਸਰੌਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਵਾਉਣ। ਮੁਲਾਜ਼ਮਾਂ ਨੇ ਇਹ ਵੀ ਮੰਗ ਕੀਤੀ ਕਿ ਵਿਭਾਗ ਵਿਚਲੀਆਂ ਖਾਲੀ ਪਈਆਂ ਕਲਰਕਾਂ ਦੀਆਂ ਅਸਾਮੀਆਂ ਅਤੇ ਚੌਥਾ ਦਰਜਾ ਮੁਲਾਜ਼ਮਾਂ ਨੂੰ, ਕਲਰਕਾਂ ਤੋਂ ਸੀਨੀਅਰ ਸਹਾਇਕ, ਸੀਨੀਅਰ ਸਹਾਇਕ ਤੋਂ ਸੁਪਰਡੈਂਟ ਦੀਆਂ ਅਸਾਮੀਆਂ ’ਤੇ ਪਦਉਨਤੀਆਂ ਕੀਤੀਆਂ ਜਾਣ। ਮੁੱਖ ਇੰਜਨੀਅਰ/ਨਹਿਰਾਂ ਦੀ ਜ਼ਿੰਮੇਵਾਰੀ ਦਾ ਭਾਰ ਇੰਜ: ਆਈ.ਡੀ. ਗੋਇਲ , ਮੁੱਖ ਇੰਜੀਨੀਅਰ/ਹੈਡ ਕੁਆਟਰ ਜਲ ਸਰੋਤ ਨੂੰ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੀਤਮ ਚੰਦ ਠਾਕੁਰ, ਸੁਰਜਪਾਲ ਯਾਦਵ, ਗੁਰਦਰਸ਼ਨ ਸਿੰਘ, ਬਲਬੀਰ ਸਿੰਘ, ਨਿਰਮਲ ਸਿੰਘ, ਪ੍ਰਵੀਨ ਕੁਮਾਰ, ਅਮਰਨਾਥ ਨਾਰੜੂ, ਭਰਪੂਰ ਸਿੰਘ, ਰਾਮ ਲਾਲ ਰਾਮਾ, ਇੰਦਰਪਾਲ ਸਿੰਘ, ਪ੍ਰਕਾਸ਼ ਲੁਬਾਣਾ, ਪਰਮਜੀਤ ਕੌਰ, ਸੁਧਾ ਦੇਵੀ ਅਤੇ ਜੀਤ ਕੌਰ ਆਦਿ ਵੀ ਹਾਜ਼ਰ ਸਨ।
’ਵਰਸਿਟੀ ਅਧਿਆਪਕਾਂ ਵੱਲੋਂ ਤਨਖਾਹਾਂ ਜਾਰੀ ਕਰਾਉਣ ਲਈ ਵੀਸੀ ਦਫਤਰ ਅੱਗੇ ਧਰਨਾ
ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਪਰੈਲ
ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਨੇ ਅੱਜ ਤਨਖਾਹਾਂ ਜਾਰੀ ਕਰਵਾਉਣ ਦੀ ਮੰਗ ਲਈ ਵਾਈਸ ਚਾਂਸਲਰ ਦਫਤਰ ਅੱਗੇ ਧਰਨਾ ਦਿੱਤਾ। ਪੂਟਾ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਲਾਏ ਇਸ ਧਰਨੇ ਦੌਰਾਨ ਅਧਿਆਪਕਾਂ ਵੱਲੋਂ ਤਨਖ਼ਾਹ ਜਾਰੀ ਨਾ ਕਰਨ ਦੇ ਵਿਰੋਧ ਵਿੱਚ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪੂਟਾ ਪ੍ਰਧਾਨ ਭੁਪਿੰਦਰ ਵਿਰਕ ਅਤੇ ਸਕੱਤਰ ਸੁਖਜਿੰਦਰ ਬੁੱਟਰ ਨੇ ਦੱਸਿਆ ਕਿ ਸਰਕਾਰ ਵੱਲੋਂ ਯੂਨੀਵਰਸਿਟੀ ਲਈ ਡੇਢ ਸੌ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਅਤੇ ਮਹੀਨਾਵਾਰ ਗਰਾਂਟ ਦੁੱਗਣੀ ਕਰਨ ਦੇ ਕੀਤੇ ਗਏ ਐਲਾਨ ਨੂੰ ਅਜੇ ਤੱਕ ਵੀ ਬੂਰ ਨਹੀਂ ਪਿਆ। ਇਸ ਕਾਰਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਟਾ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਲਈ ਤੁਰੰਤ ਵਿਸ਼ੇਸ਼ ਵਿੱਤੀ ਗਰਾਂਟ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕੇ ਜੇਕਰ ਸਰਕਾਰ ਨੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਲੋੜੀਂਦੇ ਕਦਮ ਨਾ ਚੁੱਕੇ, ਤਾਂ ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਨਖਾਹਾਂ ਨਾ ਮਿਲਣ ਕਾਰਨ ਉਨ੍ਹਾਂ ਦਾ ਘਰੇਲੂ ਬਜਟ ਹਿੱਲ ਚੁੱਕਿਆ ਹੈ। ਧਰਨੇ ਵਿੱਚ ਪੂਟਾ ਦੇ ਮੀਤ ਪ੍ਰਧਾਨ ਡਾ. ਗੁਰਨਾਮ ਵਿਰਕ, ਖਜ਼ਾਨਚੀ ਡਾ. ਜਸ਼ਨਪ੍ਰੀਤ ਸਿੰਘ ਸਮੇਤ ਕਾਰਜਕਾਰਨੀ ਦੇ ਮੈਂਬਰਾਨ ਡਾ. ਨਵਦੀਪ ਕੰਵਲ, ਡਾ. ਬਲਦੀਪ ਸਿੰਘ, ਡਾ. ਪਰਮਵੀਰ ਸਿੰਘ ਅਤੇ ਡਾ. ਅਮਰਪ੍ਰੀਤ ਸਿੰਘ ਸਮੇਤ ਹੋਰ ਵੀ ਮੌਜੂਦ ਸਨ।