ਖੇਤਰੀ ਪ੍ਰਤੀਨਿਧ
ਪਟਿਆਲਾ, 24 ਅਪਰੈਲ
ਐਂਪਲਾਈਜ ਫੈਡਰੇਸ਼ਨ (ਪਹਿਲਵਾਨ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਡਾਲੀ, ਡਿਪਟੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ ਨੇ ਪਾਵਰਕੌਮ ਮੈਨੇਜਮੈਂਟ ਨੇ ਗਰਿਡਾਂ ’ਤੇ ਤਾਇਨਾਤ ਆਰ.ਟੀ.ਐੱਮ. ਦੀਆਂ ਪੋਸਟਾਂ 3 ਤੋਂ ਘਟਾ ਕੇ 2 ਨੰਬਰ ਕਰਨ ਦੀ ਨਿੰਦਾ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਗਰਿਡਾਂ ’ਤੇ ਤਾਂ ਪਹਿਲਾਂ ਹੀ ਬਹੁਤ ਘੱਟ ਕਰਮਚਾਰੀ ਹਨ। ਫੇਰ ਗਰਿਡਾਂ ’ਤੇ ਰਹਿ ਰਹੇ ਮੁਲਾਜ਼ਮਾਂ ਤੋਂ ਡਿਊਟੀ ਵੀ ਵਧ ਲਈ ਜਾ ਰਹੀ ਹੈ। ਜੇਕਰ ਇਥੇ ਵੀ ਮੁਲਾਜ਼ਮ ਆਗੂ ਸਹਿਯੋਗ ਦਿੰਦੇ ਹਨ ਤਾਂ ਵਾਧੂ ਡਿਊਟੀਆਂ ਦੇ ਓਵਰਟਾਈਮ ਦੀ ਰਕਮ ਨੂੰ ਲੰਮਾਂ ਸਮਾਂ ਲਮਕਾ ਕੇ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰਿੱਡ ਕਰਮਚਾਰੀਆਂ ਨਾਲ ਨਿੱਤ ਦਿਨ ਸ਼ਰਾਰਤੀ ਅਨਸਰਾਂ ਵਲੋਂ ਕੁੱਟਮਾਰ ਕਰਨ ਦੀਆਂ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ, ਜਿਸ ਦੇ ਚਲਦਿਆਂ ਗਰਿਡਾਂ ’ਤੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਵਜਾਏ, ਵਧਾਉਣਾ ਚਾਹੀਦੀ ਹੈ। ਮੁਲਾਜਮ ਆਗੂਆਂ ਨੇ ਹੋਰ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਕਰਮਚਾਰੀਆਂ ਦੀ ਤਾਇਨਾਤੀ ਦੀ ਥਾਂ ਉਲਟਾ ਪੋਸਟਾਂ ਖਤਮ ਕਰਨ ’ਤੇ ਤੁਲੀ ਹੋਈ ਹੈ। ਜੇਈ ਸਬ-ਸਟੇਸ਼ਨ ਦੀਆਂ ਖਾਲੀ ਪਈਆਂ ਅਸਾਮੀਆਂ ਦੇ ਬਾਵਜੂਦ ਤਰੱਕੀਆਂ ਨਾਂਹ ਦੇ ਬਰਾਬਰ ਹਨ।