ਖੇਤਰੀ ਪ੍ਰਤੀਨਿਧ
ਪਟਿਆਲਾ, 27 ਜੂਨ
ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋ ‘ਯੂਥ ਵਿੱਚ ਵਧ ਰਿਹਾ ਗੈਂਗਸਟਰਵਾਦ ਦਾ ਰੁਝਾਨ: ਚੁਣੌਤੀਆਂ ਅਤੇ ਭਵਿੱਖ ਲਈ ਸੇਧ’ ਵਿਸ਼ੇ ਉੱਤੇ ਵਿਚਾਰ ਚਰਚਾ ਕਰਵਾਈ ਗਈ। ਮੁੱਖ ਬੁਲਾਰੇ ਵਜੋਂ ਜਤਿੰਦਰ ਮੋਹਰ ਵੱਲੋਂ ਯੂਥ ਨੂੰ ਸਮਾਜ ਵਿੱਚ ਵਧ ਰਹੇ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਚੰਗੇ ਵਿਸ਼ੇ ਦੀਆ ਫਿਲਮਾਂ ਦੇਖਣ ਲਈ ਪ੍ਰੇਰਿਤ ਕੀਤਾ ਜਦਕਿ ਇੱਕ ਹੋਰ ਮੁਖ ਬੁਲਾਰੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਨੇ ਵਿਦਿਆਰਥੀਆਂ ਨੂੰ ਪੋਸਟਰ ਵਿਚਲੇ ਬੰਦੂਕ ਵਾਲੇ ਭਗਤ ਸਿੰਘ ਨੂੰ ਛੱਡ ਕੇ ਕਿਤਾਬਾਂ ਵਾਲੇ ਭਗਤ ਸਿੰਘ ਨੂੰ ਆਦਰਸ਼ ਬਣਾਉਣ ਲਈ ਪ੍ਰੇਰਿਤ ਕੀਤਾ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਜੋਤ ਕੌਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੌਰਾਨ ਯੁਵਕ ਭਲਾਈ ਕਮੇਟੀ ਦੇ ਕਨਵੀਨਰ ਡਾ. ਨਿਵੇਦਿਤਾ ਸਿੰਘ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਦੀਪ ਥਾਪਾ ਨੇ ਪੈਨਲਿਸਟਾਂ ਦਾ ਤੁਆਰਫ਼ ਕਰਵਾਇਆ। ਇਸ ਮੌਕੇ ਪੱਤਰਕਾਰ ਮਿੰਟੂ ਗੁਰੂਸਰੀਆ ਨੇ ਦੱਸਿਆ ਕਿ ਬਦਲੇ ਦੀ ਭਾਵਨਾ ਨੂੰ ਭੁੱਲ ਕੇ ਉੱਚੇ ਵਿਚਾਰਾਂ ਨਾਲ ਜੀਵਨ ਦੀ ਹਰ ਮੁਸ਼ਕਿਲ ਵਿੱਚੋਂ ਪਾਰ ਲੰਘਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਹਰ ਇਨਸਾਨ ਨੂੰ ਸੁਧਰਨ ਅਤੇ ਸੰਵਰਨ ਦਾ ਮੌਕਾ ਦਿੰਦੀ ਹੈ ਪਰ ਉਸ ਦਾ ਸਹੀ ਉਪਯੋਗ ਮਨੁੱਖ ਦੇ ਦ੍ਰਿੜ ਇਰਾਦੇ ਉੱਤੇ ਨਿਰਭਰ ਕਰਦਾ ਹੈ।
ਵਿਭਾਗੀ ਕਰਮਚਾਰੀ ਡਾ. ਹਰਿੰਦਰ ਹੁੰਦਲ ਨੇ ਮੰਚ ਸੰਚਾਲਨ ਕੀਤਾ। ਵਿਚਾਰ ਚਰਚਾ ਵਿੱਚ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਕਰਮਚਾਰੀ ਡਾ. ਡੈਨੀ ਸ਼ਰਮਾ, ਰਮਨਜੀਤ ਕੌਰ, ਪਰਦੀਪ ਸਿੰਘ, ਗੁਰਦੇਵ ਸਿੰਘ, ਜਤਿੰਦਰ ਕੁਮਾਰ ਆਦਿ ਮੌਜੂਦ ਰਹੇ। ਅੰਤ ਵਿੱਚ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਦੀਪ ਥਾਪਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।