ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਈ
ਡੇਂਗੂ ਦੀ ਰੋਕਥਾਮ ਲਈ ਹਰੇਕ ਸ਼ੁੱਕਰਵਾਰ ਨੂੰ ਮਨਾਏ ਜਾਣ ਵਾਲ਼ੇ ਡਰਾਈ ਡੇਅ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਚੈਕਿੰਗ ਕੀਤੀ। ਸਿਹਤ ਟੀਮਾਂ ਨੇ ਇਹ ਕਾਰਵਾਈ ਪ੍ਰਤਾਪ ਨਗਰ, ਬਾਜਵਾ ਕਲੋਨੀ, ਹਰਿੰਦਰ ਨਗਰ, ਇੰਦਰਾ ਪੁਰੀ, ਦਫਤਰ ਸਿਵਲ ਸਰਜਨ, ਲਹੌਰੀ ਗੇਟ ਆਦਿ ਕਲੋਨੀਆ ਅਤੇ ਥਾਂਵਾਂ ’ਤੇ ਕੀਤੀ। ਇਸ ਮੌਕੇ ਸਿਹਤ ਵਿਭਾਗ ਨੇ ਸਿਵਲ ਸਰਜਨ ਦਫਤਰ ’ਚ ਵੀ ਖੜ੍ਹੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕਰਦਿਆਂ ਕੂਲਰਾਂ ਅਤੇ ਹੋਰ ਥਾਵਾਂ ’ਤੇ ਲਾਰਵੇ ਦੀ ਭਾਲ਼ ਕੀਤੀ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਕਿਹਾ ਕਿ ਬੇਸ਼ਕ ਜ਼ਿਲ੍ਹੇ ਵਿੱਚ ਹੁਣ ਤੱਕ ਇਸ ਸੀਜ਼ਨ ਦੌਰਾਨ ਡੇਂਗੂ ਦਾ ਕੋਈ ਵੀ ਕੇਸ ਰਿਪੋਰਟ ਨਹੀ ਹੋਇਆ, ਪ੍ਰੰਤੂ ਫਿਰ ਵੀ ਸੁਚੇਤ ਰਹਿਣਾ ਜ਼ਰੂਰੀ ਹੈ। ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਅੱਜ ਖੁਸ਼ਕ ਦਿਵਸ ਹੋਣ ਕਾਰਨ ਸਿਹਤ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ 15531 ਘਰਾਂ/ਥਾਂਵਾ ’ਤੇ ਖੜ੍ਹੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ। 50 ਥਾਂਵਾ ’ਤੇ ਮੱਛਰਾਂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਨਸ਼ਟ ਕਰਵਾ ਦਿੱਤਾ ਅਤੇ ਲੋਕਾਂ ਨੂੰ ਡੇਂਗੂ ਦੇ ਨਾਲ ਨਾਲ ਕੋਰੋਨਾ ਤੋਂ ਵੀ ਬਚਾਅ ਸਬੰਧੀ ਯੋਗ ਸਾਵਧਾਨੀਆਂ ਅਪਣਾਉੁਣ ਬਾਰੇ ਜਾਗਰੂਕ ਕੀਤਾ ਗਿਆ।