ਪਟਿਆਲਾ: ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮੰਤਰੀ ਬਣਾਏ ਜਾਣ ਦੇ ਚਰਚੇ ਜ਼ੋਰਾਂ ’ਤੇ ਹਨ। ਅਸਲ ’ਚ ਕੈਪਟਨ-ਸਿੱਧੂ ਵਿਵਾਦ ਦੌਰਾਨ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਨਵਜੋਤ ਸਿੰਘ ਸਿੱਧੂ ਦੇ ਧੜੇ ਨਾਲ ਖੜਨ ਦਾ ਉਨ੍ਹਾਂ ਨੂੰ ਇਨਾਮ ਮਿਲ ਸਕਦਾ ਹੈ। ਸਿੱਧੂ ਖੁਦ ਵੀ ਨੇੜਲੇ ਪਿੰਡ ਜਲਾਲਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਗਏ ਸਨ ਅਤੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ ਸਮੇਤ ਕੁਝ ਹੋਰ ਆਗੂ ਵੀ ਮੌਜੂਦ ਸਨ। ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਉਸ ਸਮੇਂ ਸਿੱਧੂ ਨੇ ਐਲਾਨ ਕੀਤਾ ਸੀ ਕਿ ਜਲਾਲਪੁਰ ਦੀ ਚੋਣ ਨੂੰ ਉਹ ਆਪਣੀ ਚੋਣ ਸਮਝ ਕੇ ਲੜਨਗੇ। ਜ਼ਿਕਰਯੋਗ ਹੈ ਕਿ ਜਲਾਲਪੁਰ 2007 ’ਚ ਪਹਿਲੀ ਵਾਰ ਘਨੌਰ ਤੋਂ ਹੀ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਸਨ। ਉਧਰ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਵੀ ਆਜ਼ਾਦ ਉਮੀਦਵਾਰ ਵਜੋਂ ਹੀ ਵਿਧਾਨ ਸਭਾ ਪਹੁੰਚੇ ਸਨ। ਉਦੋਂ ਜਲਾਲਪੁਰ ਅਤੇ ਚੰਨੀ ਇਕੱਠੇ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਰਾਹੀਂ ਕਾਂਗਰਸ ਵਿਚ ਸ਼ਾਮਲ ਹੋਏ ਸਨ।ਸਿੱਧੂ ਅਤੇ ਚੰਨੀ ਸਮੇਤ ਸੁਖਜਿੰਦਰ ਰੰਧਾਵਾ ਨਾਲ ਵੀ ਜਲਾਲਪੁਰ ਦੀ ਵਧੇਰੇ ਨੇੜਤਾ ਹੈ। -ਖੇਤਰੀ ਪ੍ਰਤੀਨੀਧ