ਖੇਤਰੀ ਪ੍ਰਤੀਨਿਧ
ਪਟਿਆਲਾ, 24 ਅਪਰੈਲ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਕੇਂਦਰ ਸਰਕਾਰ ਵੱਲੋਂ ਰਾਜਾਂ ਦੇ ਹੱਕਾਂ ਉਤੇ ਮਾਰੇ ਜਾ ਰਹੇ ਡਾਕਿਆਂ ਅਤੇ ਖ਼ਾਸ ਤੌਰ ’ਤੇ ਪੰਜਾਬੀ ਕੌਮ ਦੇ ਹੱਕਾਂ ਹਕੂਕਾਂ ਉੱਤੇ ਕੀਤੇ ਜਾਂਦੇ ਹਮਲਿਆਂ ਨੂੰ ਲੈ ਕੇ ਵਿਚਾਰ ਚਰਚਾ ਦੇ ਬੈਨਰ ਹੇਠਾਂ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪਹੁੰਚੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਨਿਗੂਣੇ ਹੱਕਾਂ ਨੂੰ ਵੀ ਖੋਹ ਕੇ ਦੇਸ਼ ਅੰਦਰ ਇੱਕ ਰਾਸ਼ਟਰ, ਇੱਕ ਟੈਕਸ, ਇੱਕ ਭਾਸ਼ਾ, ਇੱਕ ਧਰਮ, ਹਿੰਦੀ-ਹਿੰਦੂ-ਹਿੰਦੋਸਤਾਨ ਦਾ ਏਜੰਡਾ ਥੋਪਿਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਪੰਜਾਬ ਉੱਤੇ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਜਥੇਬੰਦੀ ਵੱਲੋਂ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਪੰਜਾਬ ਦੇ ਹੱਕਾਂ ਅਤੇ ਦਰਿਆਈ ਪਾਣੀਆਂ ’ਤੇ ਪੰਜਾਬ ਦਾ ਹੱਕ ਕਿਵੇਂ ਵਾਜਬ ਹੈ ਦੀ ਤਰਜ਼ਮਾਨੀ ਕਰਦੀ ਦਸਤਾਵੇਜ਼ੀ ਫ਼ਿਲਮ ‘ਫਾਈਨਲ ਅਸਾਲਟ’ ਦਾ ਮੰਚਨ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਨਦੀਪ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰੋ ਪ੍ਰਭਜੋਤ ਘੱਗਾ, ਵਿਕਰਮ ਬਾਗੀ, ਪੀਐਸਯੂ ਤੋਂ ਗੁਰਦਾਸ, ਪੀਐੱਸਯੂ ਰੰਧਾਵਾ ਤੋਂ ਬਲਵਿੰਦਰ, ਪੀਐੱਸਯੂ ਲਲਕਾਰ ਤੋਂ ਹਰਪ੍ਰੀਤ ਆਦਿ ਵੀ ਹਾਜ਼ਰ ਸਨ।