ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਮਾਰਚ
ਪਟਿਆਲਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਾਲੇ ਇਕਜੁੱਟਤਾ ਦੀ ਘਾਟ ਹੈ। ਇਕ-ਇਕ ਹਲਕੇ ਵਿਚ ਕਈ ਆਗੂ ਆਪੋ-ਆਪਣੇ ਤਰੀਕੇ ਨਾਲ ਪ੍ਰਚਾਰ ਕਰਦੇ ਹਨ ਅਤੇ ਮੀਡੀਆ ਤੱਕ ਵੀ ਇਕੱਲੇ ਹੀ ਪਹੁੰਚ ਕਰਦੇ ਹਨ। ਖ਼ਾਸ ਕਰ ਕੇ 21 ਮਾਰਚ ਨੂੰ ਬਾਘਾ ਪੁਰਾਣਾ ਵਿੱਚ ਕੀਤੇ ਜਾ ਰਹੇ ਕਿਸਾਨ ਮਹਾਸੰਮੇਲਨ ਦੀਆਂ ਤਿਆਰੀਆਂ ਬਾਰੇ ਆਗੂਆਂ ਵੱਲੋਂ ਕੀਤੀ ਜਾ ਰਹੀ ਚਾਰਾਜੋਈ ਦੌਰਾਨ ਸ਼ਹਿਰੀ ਤੇ ਦਿਹਾਤੀ ਪ੍ਰਧਾਨਾਂ ਵਿਚਾਲੇ ਵੀ ਮਤਭੇਦ ਨਜ਼ਰ ਆਏ ਹਨ।
ਪ੍ਰਾਪਤ ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰੀ ਵਿੱਚ ਬਹੁਤ ਘੱਟ ਹੋ ਰਹੀਆਂ ਗਤੀਵਿਧੀਆਂ ਵਿਚ ਸ਼ਹਿਰ ਦੇ ਸਾਬਕਾ ਪ੍ਰਧਾਨ ਤੇਜਿੰਦਰ ਮਹਿਤਾ, ਬਿਜਲੀ ਅੰਦੋਲਨ ਦੇ ਪ੍ਰਧਾਨ ਕੁੰਦਨ ਗੋਗੀਆ ਇਕੱਲੇ ਹੀ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਮੌਜੂਦਾ ਸ਼ਹਿਰੀ ਪ੍ਰਧਾਨ ਜਸਬੀਰ ਗਾਂਧੀ ਦੀਆਂ ਗਤੀਵਿਧੀਆਂ ਵੀ ਨਾ ਬਰਾਬਰ ਹੀ ਹਨ। ਡਾ. ਬਲਬੀਰ ਸਿੰਘ ਫਿਲਮ ਵਿਚੋਂ ਗਾਇਬ ਹੀ ਚੱਲ ਰਹੇ ਹਨ। ਇਸੇ ਤਰ੍ਹਾਂ ਪਟਿਆਲਾ ਦਿਹਾਤੀ ਵਿੱਚ ਪ੍ਰਿੰ. ਜੇ.ਪੀ. ਸਿੰਘ ਦਾਅਵਾ ਕਰਦੇ ਹਨ ਕਿ ਉਹ ਮੇਜਰ ਮਲਹੋਤਰਾ ਤੇ ਪ੍ਰੀਤੀ ਮਲਹੋਤਰਾ ਨਾਲ ਮਿਲ ਕੇ ਪ੍ਰਚਾਰ ਕਰ ਰਹੇ ਹਨ ਜਿਸ ਤੋਂ ਭਾਵ ਹੈ ਕਿ ਦਿਹਾਤੀ ਵਿੱਚ ਆਉਂਦੇ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਕਰਨਵੀਰ ਸਿੰਘ ਟਿਵਾਣਾ ਵੀ ਫ਼ਿਲਮ ਵਿੱਚ ਕਿਤੇ-ਕਿਤੇ ਨਜ਼ਰ ਆ ਰਹੇ ਹਨ। ਨਾਭਾ ਵਿੱਚ ਵੀ ਦੇਵ ਮਾਨ, ਜੱਸੀ ਸੋਹੀਆਂ ਤੇ ਬਰਿੰਦਰ ਕੁਮਾਰ ਬਿੱਟੂ ਵੀ ਆਪੋ-ਆਪਣੇ ਹਥਿਆਰ ਚੁੱਕੀ ਫਿਰਦੇ ਹਨ। ਰਾਜਪੁਰਾ ਵਿੱਚੋਂ ਜਰਨੈਲ ਸਿੰਘ ਮੰਨੂ ਗਾਇਬ ਹਨ ਪਰ ਇੱਥੇ ਨਵੇਂ ਚਿਹਰੇ ਨਜ਼ਰ ਆ ਰਹੇ ਹਨ। ਸਮਾਣਾ, ਸ਼ੁਤਰਾਣਾ ਵਿੱਚ ਵੀ ਇਕਜੁੱਟਤਾ ਦੀ ਘਾਟ ਨਜ਼ਰ ਆਈ ਹੈ।
ਪ੍ਰਧਾਨਾਂ ਨੇ ਮਤਭੇਦ ਦੀ ਗੱਲ ਨਕਾਰੀ
ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ ਨੇ ਕਿਹਾ ਕਿ ਪਾਰਟੀ ਵਿਚ ਨਵੀਆਂ ਨਿਯੁਕਤੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਹਿਰੀ ਪ੍ਰਧਾਨ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ ਪਰ ਪਾਰਟੀ ਦੇ ਫ਼ਾਇਦੇ ਲਈ ਉਨ੍ਹਾਂ ਨੂੰ ਦਿਨ-ਰਾਤ ਇਕ ਕਰਨਾ ਚਾਹੀਦਾ ਹੈ। ਉੱਧਰ, ਸ਼ਹਿਰੀ ਪ੍ਰਧਾਨ ਜਸਬੀਰ ਸਿੰਘ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਸਾਰੇ ਇਕਜੁੱਟ ਹੋ ਕੇ ਪਾਰਟੀ ਲਈ ਕੰਮ ਕਰਨ। ਕੁਝ ਆਗੂਆਂ ਨੇ ਇਕਜੁੱਟਤਾ ਵੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਹਾਂ ਪ੍ਰਧਾਨਾਂ ਵਿਚਾਲੇ ਕੋਈ ਮਤਭੇਦ ਨਹੀਂ ਹਨ, ਜੋ ਵੀ ਹੋਣਗੇ ਪਾਰਟੀ ਪੱਧਰ ’ਤੇ ਦਰੁਸਤ ਕਰ ਲਏ ਜਾਣਗੇ।