ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਜੂਨ
ਸ਼ਹਿਰ ਦੇ ਇਕ ਆੜ੍ਹਤੀ ਵੱਲੋਂ ਕਿਸਾਨਾਂ ਦੇ ਲੱਖਾਂ ਰੁਪਏ ਲੈ ਕੇ ਭੱਜ ਜਾਣ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਡਰੌਲੀ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਆੜ੍ਹਤੀ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਸਾਨ ਦੀ ਫਰਿਆਦ ਉੱਤੇ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ ਜਦੋਂ ਤਕ ਆੜ੍ਹਤੀ ਕਿਸਾਨਾਂ ਦੇ ਪੈਸੇ ਵਾਪਸ ਨਹੀਂ ਕਰ ਦਿੰਦਾ।
ਜਥੇਬੰਦੀ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਤੇ ਖਜ਼ਾਨਚੀ ਰਘਵੀਰ ਸਿੰਘ ਨੇ ਦੱਸਿਆ ਕਿ ਪਿੰਡ ਡਰੌਲੀ ਦੇ ਕਿਸਾਨ ਬਿਸ਼ਨ ਸਿੰਘ ਦੀ ਆੜ੍ਹਤੀ ਨਾਲ ਚਿਰਾਂ ਦੀ ਸਾਂਝ ਸੀ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਭਰੋਸੇ ਵਿੱਚ ਲੈ ਕੇ ਉਨ੍ਹਾਂ ਦੀ ਜ਼ਮੀਨ ’ਤੇ ਇੱਕ ਲਿਮਟ ਅਤੇ ਕਰਜ਼ਾ ਇਹ ਕਹਿ ਕੇ ਲਿਆ ਸੀ ਕਿ ਉਹ ਸਮੇਤ ਵਿਆਜ ਬੈਂਕ ਦੇ ਪੈਸੇ ਭਰ ਕੇ ਜ਼ਮੀਨ ਫੱਕ ਕਰਵਾ ਕੇ ਦੇਵੇਗਾ। ਕੁਝ ਸਮਾਂ ਮਗਰੋਂ ਜਦੋਂ ਆੜ੍ਹਤੀ ਤੋਂ ਲਿਮਟ, ਬੈਂਕ ਕਰਜ਼ਾ ਅਤੇ ਵੇਚੀ ਫ਼ਸਲ ਦੇ ਕਰੀਬ 38 ਲੱਖ ਰੁਪਏ ਮੰਗੇ ਤਾਂ ਉਹ ਲਾਰੇ ਲਾਉਣ ਲੱਗ ਪਿਆ। ਸਾਲ 2016 ਵਿੱਚ ਆੜ੍ਹਤੀ ਦੇ 10 ਲੱਖ ਰੁਪਏ ਦੇ ਕੇ ਬਾਕੀ 28 ਲੱਖ ਦੇਣ ਦਾ ਸੇਲਾ ਪਲਾਂਟ ਵਾਲੀ ਫਰਮ ਦੇ ਲੈਟਰਪੈਡ ’ਤੇ ਇਕਰਾਰਨਾਮਾ ਕਰ ਲਿਆ ਸੀ।
ਉਨ੍ਹਾਂ ਦੱਸਿਆ ਹੈ ਕਿ ਹੁਣ ਤੱਕ ਉਹ ਉਕਤ ਰਕਮ ਦਾ ਕਰੀਬ 20 ਲੱਖ ਵਿਆਜ ਦੇ ਰੂਪ ਵਿੱਚ ਆਪਣੀ ਫਸਲ ਵੇਚ ਕੇ ਭਰ ਚੁੱਕੇ ਹਨ ਜਦੋਂ ਕਿ ਉੁਹ ਪਾਤੜਾਂ ਦੇ ਕੇਸ਼ਵ ਨਗਰ ਵਿੱਚ ਸਥਿੱਤ ਕੋਠੀ ਵੇਚ ਕੇ ਇਹ ਰੁਪਏ ਦੇਣ ਦੇ ਲਾਰੇ ਲਾਉਂਦਾ ਰਿਹਾ। ਆੜ੍ਹਤੀ ਪਾਤੜਾਂ ਛੱਡ ਕੇ ਕਿਤੇ ਚਲਾ ਗਿਆ ਹੈ ਪਰ ਹੁਣ ਕੋਠੀ ਵੇਚਣ ਦਾ ਬਿਆਨਾ ਕਰਨ ਮਗਰੋਂ ਅਧਿਕਾਰ ਪਤਨੀ ਅਤੇ ਲੜਕੇ ਦੇ ਨਾਂਅ ਕਰਵਾ ਰਿਹਾ ਹੈ। ਇਸੇ ਪਿੰਡ ਦੇ ਕਿਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਬ 4 ਲੱਖ ਰੁਪਏ ਆੜ੍ਹਤੀ ਲੈ ਕੈ ਭੱਜਿਆ ਹੈ। ਇਸ ਦੌਰਾਨ ਆਗੂਆਂ ਕਿਹਾ ਕਿ ਕਿਸਾਨਾਂ ਦੇ ਰੁਪਏ ਲੈ ਕੇ ਭੱਜੇ ਆੜ੍ਹਤੀ ਤੋਂ ਸਾਰੇ ਰੁਪਏ ਦਿਵਾਏ ਜਾਣਗੇ। ਉਨ੍ਹਾਂ ਆੜ੍ਹਤੀਏ ਅਤੇ ਕੋਠੀ ਖਰੀਦਣ ਵਾਲਿਆਂ ਨੂੰ ਤਾੜਨਾ ਕੀਤੀ ਕਿ ਜੇਕਰ ਉਨ੍ਹਾਂ ਕਿਸਾਨਾਂ ਦੇ ਪੈਸੇ ਸਮੇਤ ਵਿਆਜ ਵਾਪਸ ਨਾ ਕੀਤੇ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।