ਗੁਰਨਾਮ ਸਿੰਘ ਚੌਹਾਨ
ਪਾਤੜਾਂ, 7 ਜੂਨ
ਸ਼ਹਿਰ ਦੇ ਇਕ ਆੜ੍ਹਤੀ ਵੱਲੋਂ ਕਿਸਾਨਾਂ ਦੇ ਲੱਖਾਂ ਰੁਪਏ ਨਾ ਮੋੜਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਡਰੌਲੀ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਆੜ੍ਹਤੀ ਦੀ ਕੋਠੀ ਅੱਗੇ ਸ਼ੁਰੂ ਕੀਤਾ ਅਣਮਿੱਥੇ ਸਮੇਂ ਅੱਜ ਤੀਜੇ ਦਿਨ ਵੀ ਜਾਰੀ ਰਿਹਾ।
ਕੋਠੀ ਦੇ ਕੁਝ ਕਮਰਿਆਂ ਵਿੱਚ ਕਿਰਾਏ ’ਤੇ ਰਹਿੰਦੇ ਵਿਅਕਤੀ ਵੱਲੋਂ ਕੋਠੀ ਖਾਲੀ ਕਰਨ ਉਪਰੰਤ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕੋਠੀ ਦੀ ਚਾਰਦੀਵਾਰੀ ਅੰਦਰ ਪ੍ਰਵੇਸ਼ ਕਰ ਲਿਆ ਹੈ। ਕਿਸਾਨ ਆਗੂਆਂ ਨੇ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ ਜਦੋਂ ਤਕ ਆੜ੍ਹਤੀ ਕਿਸਾਨਾਂ ਦੇ ਪੈਸੇ ਵਾਪਸ ਨਹੀਂ ਕਰ ਦਿੰਦਾ। ਜਥੇਬੰਦੀ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਤੇ ਰਘਵੀਰ ਸਿੰਘ ਨੇ ਕਿਹਾ ਕਿ ਆੜ੍ਹਤੀ ਨੇ ਆਪਣੇ ਗਾਹਕ ਪਿੰਡ ਡਰੌਲੀ ਦੇ ਕਿਸਾਨ ਬਿਸ਼ਨ ਸਿੰਘ ਨਾਲ ਚਿਰਾਂ ਦੀ ਸਾਂਝ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਉਨ੍ਹਾਂ ਨੂੰ ਭਰੋਸੇ ਵਿੱਚ ਲੈ ਕੇ ਉਨ੍ਹਾਂ ਦੀ ਜ਼ਮੀਨ ’ਤੇ ਲਿਮਟ ਅਤੇ ਕਰਜ਼ਾ ਇਹ ਕਹਿ ਕੇ ਲਿਆ ਸੀ ਕਿ ਉਹ ਸਮੇਤ ਵਿਆਜ ਬੈਂਕ ਦੇ ਪੈਸੇ ਭਰ ਕੇ ਜ਼ਮੀਨ ਫੱਕ ਕਰਵਾ ਕੇ ਦੇਵੇਗਾ।
ਉਨ੍ਹਾਂ ਕਿਹਾ ਹੈ ਕਿ ਜਦੋਂ ਕਿਸਾਨਾਂ ਨੇ ਆੜ੍ਹਤੀ ਤੋਂ ਲਿਮਟ, ਬੈਂਕ ਕਰਜ਼ੇ ਅਤੇ ਵੇਚੀ ਫ਼ਸਲ ਦੇ ਕਰੀਬ 38 ਲੱਖ ਰੁਪਏ ਮੰਗੇ ਤਾਂ ਉਹ ਲਾਰੇ ਲਾਉਣ ਲੱਗ ਪਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਰੁਪਏ ਲੈ ਕੇ ਭੱਜਿਆ ਆੜ੍ਹਤੀ ਜਦੋਂ ਤੱਕ ਕਿਸਾਨਾਂ ਦੇ ਪੈਸੇ ਵਾਪਸ ਨਹੀਂ ਕਰਦਾ ਜਦੋਂ ਤਕ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।