ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 26 ਅਪਰੈਲ
ਇਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਮਰੀਜ਼ ਦੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਉਂਦਿਆਂ ਮਰੀਜ਼ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਦੁਆਰਾ ਹਸਪਤਾਲ ਦੇ ਬਾਹਰ ਰੋਸ ਧਰਨਾ ਦੇ ਕੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਧਰਨਾ ਦੇ ਰਹੇ ਔਰਤ ਮਰੀਜ਼ ਰਜਨੀ ਬਾਲਾ ਵਾਸੀ ਗਾਂਧੀ ਕਲੋਨੀ ਰਾਜਪੁਰਾ ਟਾਊਨ ਦੇ ਪਤੀ ਕੁਲਦੀਪ ਕੁਮਾਰ ਅਤੇ ਹੋਰਨਾਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਰਜਨੀ ਬਾਲਾ ਦੀ ਬਾਂਹ ’ਤੇ ਸੱਟ ਲੱਗਣ ਕਾਰਨ ਉਹ ਇਥੋਂ ਦੇ ਲਾਈਫ ਕੇਅਰ ਹਸਪਤਾਲ ਦੇ ਡਾਕਟਰ ਸੰਨੀ ਸਿੰਗਲਾ ਕੋਲੋਂ ਇਲਾਜ ਕਰਵਾਉਣ ਆਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਰਜਨੀ ਬਾਲਾ ਦੇ ਇਲਾਜ ਦੌਰਾਨ ਡਾਕਟਰ ਵੱਲੋਂ ਕਥਿਤ ਤੌਰ ’ਤੇ ਲਾਪ੍ਰਵਾਹੀ ਵਰਤਣ ਕਾਰਨ ਘਰ ਪਰਤਣ ’ਤੇ ਰਜਨੀ ਬਾਲਾ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਗਈ ਜਿਸ ’ਤੇ ਉਹ ਮੁੜ ਲਾਈਫ ਕੇਅਰ ਹਸਪਤਾਲ ਡਾ. ਸਿੰਗਲਾ ਕੋਲ ਆਏ ਅਤੇ ਦਵਾਈ ਲੈ ਗਏ। ਪ੍ਰੰਤੂ ਇਸ ਦੇ ਬਾਵਜੂਦ ਰਜਨੀ ਬਾਲਾ ਦੀਆਂ ਅੱਖਾਂ ਦੀ ਰੋਸ਼ਨੀ ਠੀਕ ਨਹੀਂ ਹੋਈ। ਧਰਨਾਕਾਰੀ ਪ੍ਰਸ਼ਾਸ਼ਨ ਪਾਸੋਂ ਹਸਪਤਾਲ ਦੇ ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਇਸ ਸਬੰਧੀ ਸੰਪਰਕ ਕਰਨ ’ਤੇ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਸੰਨੀ ਸਿੰਗਲਾ ਨੇ ਰਜਨੀ ਬਾਲਾ ਦੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਮਰੀਜ਼ ਵੱਲੋਂ ਉਨ੍ਹਾਂ ਕੋਲੋਂ ਇਲਾਜ ਕਰਵਾਉਣ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਬਾਹਰ ਕਿਸੇ ਹੋਰ ਦੁਕਾਨ ਤੋਂ ਅੱਖਾਂ ਵਿੱਚ ਕੋਈ ਗਲਤ ਦਵਾਈ ਪਾਉਣ ਕਾਰਨ ਨਜ਼ਰ ’ਤੇ ਮਾੜਾ ਪ੍ਰਭਾਵ ਪਿਆ ਹੋ ਸਕਦਾ ਹੈ। ਡਾਕਟਰ ਸਿੰਗਲਾ ਵੱਲੋਂ ਧਰਨਾਕਾਰੀਆਂ ਨੂੰ ਰਜਨੀ ਬਾਲਾ ਦੀਆਂ ਅੱਖਾਂ ਦਾ ਇਲਾਜ ਅੰਬਾਲਾ ਤੋਂ ਅੱਖਾਂ ਦੇ ਮਾਹਰ ਡਾਕਟਰ ਕੋਲੋਂ ਕਰਵਾਉਣ ਦਾ ਵਿਸ਼ਵਾਸ ਦਿੱਤੇ ਜਾਣ ’ਤੇ ਉਨ੍ਹਾਂ ਧਰਨਾ ਚੁੱਕ ਦਿੱਤਾ।