ਖੇਤਰੀ ਪ੍ਰਤੀਨਿਧ
ਪਟਿਆਲਾ, 8 ਜੂਨ
ਇੱਥੋਂ ਨੇੜਲੇ ਪਿੰਡ ਫਤਿਹਪੁਰ ’ਚ ਸਾਲ 2019 ਅਤੇ 2020 ’ਚ ਫੌਤ ਹੋਏ ਦੋ ਮਗਨਰੇਗਾ ਵਰਕਰ ਆਪਣੀ ਮੌਤ ਦੇ ਕਈ ਮਹੀਨਿਆਂ ਮਗਰੋਂ ਨਵੰਬਰ 2021 ’ਚ ਮਗਨਰੇਗਾ ਰਾਹੀਂ ਦਿਹਾੜੀਆਂ ਲਾ ਕੇ ਕੀਤੇ ਗਏ ਕੰਮ ਦੀ ਅਦਾਇਗੀ ਵੀ ਲੈ ਚੁੱਕੇ ਹਨ। ਇਸ ਮਾਮਲੇ ਦੀ ਸ਼ਿਕਾਇਤ ਪ੍ਰਸ਼ਾਸਨ ਕੋਲ਼ ਪੁੱਜੀ ਸੀ। ਪੜਤਾਲ ਮਗਰੋਂ ਗੜਬੜੀ ਦਾ ਦੋਸ਼ ਪੰਚਾਇਤ ਦੇ ਨੁਮਾਇੰਦੇ ’ਤੇ ਮੜ੍ਹ ਦਿੱਤਾ ਗਿਆ ਤੇ ਕੀਤਾ ਭੁਗਤਾਨ ਵਾਪਸ ਲੈਣ ਦੇ ਹੁਕਮ ਕੀਤੇ ਗਏ। ਇਸ ਸਬੰਧੀ ਡੈਮੋਕ੍ਰੈਟਿਕ ਮਨਰੇਗਾ ਫ਼ਰੰਟ ਦੇ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਅਸਲ ਦੋਸ਼ੀਆਂ ਨੂੰ ਬਚਾਅ ਰਿਹਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਰਾਜਕੁਮਾਰ ਨੇ ਦੱਸਿਆ ਕਿ ਇਸ ’ਚ ਪੰਚਾਇਤੀ ਨੁਮਾਇੰਦੇ ਦੀ ਮਿਲੀਭੁਗਤ ਵੀ ਹੋ ਸਕਦੀ ਹੈ ਪਰ ਇਸ ਲਈ ਸਿਰਫ਼ ਪੰਚਾਇਤੀ ਨੁਮਾਇੰਦੇ ਨੂੰ ਜ਼ਿੰਮੇਵਾਰ ਠਹਿਰਾਉਣਾ ਬਾਕੀਆਂ ਨੂੰ ਬਚਾਉਣ ਵਰਗਾ ਹੈ। ਫਰੰਟ ਦੇ ਆਗੂ ਗਰਮੀਤ ਸਿੰਘ ਥੂਹੀ ਨੇ ਕਿਹਾ ਕਿ ਮ੍ਰਿਤਕ ਵਰਕਰਾਂ ਦੇ ਜੌਬ ਕਾਰਡ ਰੱਦ ਕਰਨਾ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਹੈ ਤੇ ਕਾਨੂੰਨ ਅਨੁਸਾਰ ਇਹ ਪ੍ਰਕਿਰਿਆ ਹਰ ਛੇ ਮਹੀਨੇ ਵਿੱਚ ਗ੍ਰਾਮ ਸਭਾ ਵਿੱਚ ਕੀਤੀ ਜਾਂਦੀ ਹੈ। ਪਰ ਇੱਥੇ ਮਗਨਰੇਗਾ ਵਰਕਰਾਂ ਦੀ ਮੌਤ ਮਗਰੋਂ ਵੀ ਉਨ੍ਹਾਂ ਦੇ ਜੌਬ ਕਾਰਡਾਂ ਦੇ ਆਧਾਰ ’ਤੇ ਕੰਮ ਦੀ ਵੰਡ ਕਰ ਕੇ ਅਦਾਇਗੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਕਰ ਕੇ ਇਸ ਵਿੱਚ ਸ਼ਾਮਲ ਹਰ ਅਧਿਕਾਰੀ ਅਤੇ ਕਰਮਚਾਰੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨੇ ਕਿਹਾ ਕਿ ਮੁਲਾਜ਼ਮ ਵੱਲੋਂ ਮ੍ਰਿਤਕ ਵਰਕਰਾਂ ਦੇ ਨਾਂ ’ਤੇ ਕੀਤੇ ਘਪਲੇ ਦੀ ਉੱਚ ਪੱਧਰੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।