ਪੱਤਰ ਪ੍ਰੇਰਕ
ਪਾਤੜਾਂ, 24 ਜੁਲਾਈ
ਹੜ੍ਹਾਂ ਤੋਂ ਸੰਭਾਵਿਤ ਖਤਰੇ ਸਬੰਧੀ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਨਿਰੀਖਣ ਕਰਨ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹਲਕਾ ਸ਼ੁਤਰਾਣਾ ਦੀ ਮੋਮੀਆ ਡਰੇਨ ਤੇ ਘੱਗਰ ਦਰਿਆ ਦਾ ਦੌਰਾ ਕੀਤਾ। ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਪਾਣੀ ਨਾਲ ਹੋਣ ਵਾਲੇ ਨੁਕਸਾਨ ਦੇ ਸਥਾਈ ਹੱਲ ਲਈ ਠੋਸ ਰਣਨੀਤੀ ਤਿਆਰ ਕਰਨ ਤਾਂ ਕਿ ਬਰਸਾਤਾਂ ਦੇ ਮੌਸਮ ਦੌਰਾਨ ਹੁੰਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਇਸ ਮੌਕੇ ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਮਨਦੀਪ ਸਿੰਘ ਬੈਂਸ ਅਤੇ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਵੀ ਮੌਜੂਦ ਸਨ। ਇਸੇ ਦੌਰਾਨ ਡੀਸੀ ਸਾਕਸ਼ੀ ਸਾਹਨੀ ਵੱਲੋਂ ਪਿੰਡ ਦੁਗਾਲ ਨੇੜੇ ਝੰਬੋ ਵਾਲੀ ਚੋਅ (ਭੁਪਿੰਦਰਾ ਸਾਗਰ) ਅਤੇ ਘੱਗਰ ਦਰਿਆ ਗੇਜ ਸਟੇਸ਼ਨ ਖਨੌਰੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਘੱਗਰ ਦਰਿਆ ਦੇ ਵਹਾਅ ਅਤੇ ਪਾਣੀ ਦੇ ਪੱਧਰ ’ਤੇ 24 ਘੰਟੇ ਨਿਗਰਾਨੀ ਰੱਖੀ ਜਾਵੇ।