ਖੇਤਰੀ ਪ੍ਰਤੀਨਿਧ
ਪਟਿਆਲਾ, 22 ਅਗਸਤ
ਆਪਣੀਆਂ ਮੰਗਾਂ ਨੂੰ ਲੈ ਕੇ ਕਰੋਨਾ ਵਾਲੰਟੀਅਰਾਂ ਨੇ ਕਈ ਦਿਨਾਂ ਤੋਂ ਪਟਿਆਲਾ ਵਿਚ ਪੱਕਾ ਮੋਰਚਾ ਲਗਾਇਆ ਹੋਇਆ ਹੈ। ਅੱਜ ਰੱਖੜੀ ਦੇ ਤਿਉਹਾਰ ਮੌਕੇ ਵੀ ਕਰੋਨਾ ਵਾਲੰਟੀਅਰਾਂ ਦਾ ਧਰਨਾ ਜਾਰੀ ਰਿਹਾ। ਇਸ ਦੌਰਾਨ ਧਰਨੇ ’ਤੇ ਬੈਠੇ ਨੌਜਵਾਨਾਂ ਦੀਆਂ ਭੈਣਾ ਰੱਖੜੀ ਬੰਨ੍ਹਣ ਲਈ ਇੱਥੇ ਹੀ ਪੁੱਜੀਆਂ। ਇਸੇ ਤਰ੍ਹਾਂ ਇਸੇ ਪੱਕੇ ਮੋਰਚੇ ’ਚ ਸ਼ਾਮਲ ਕਈ ਮਹਿਲਾ ਵਾਲੰਟੀਅਰਾਂ ਦੇ ਭਰਾ ਵੀ ਰੱਖੜੀ ਬਨ੍ਹਵਾਉਣ ਲਈ ਇੱਥੇ ਆਏ। ਜਥੇਬੰਦੀ ਦੇ ਪ੍ਰਧਾਨ ਰਾਜਵਿੰਦਰ ਸਿੰਘ, ਸੂਬਾ ਸਕੱਤਰ ਚਮਕੌਰ ਸਿੰਘ ਅਤੇ ਪ੍ਰੈੱਸ ਸਕੱਤਰ ਰਮਨਦੀਪ ਸਿੰਘ ਨੇ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਸੰਘਰਸ ਕਰ ਰਹੇ ਹਾਂ ਪਰ ਸਰਕਾਰ ਸੰਜੀਦਾ ਨਹੀਂ ਹੈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਖਾਲੀ ਪਈਆਂ ਅਸਾਮੀਆਂ ’ਤੇ ਭਰਤੀ ਕੀਤਾ ਜਾਵੇ।