ਖੇਤਰੀ ਪ੍ਰਤੀਨਿਧ
ਪਟਿਆਲਾ, 19 ਸਤੰਬਰ
ਜ਼ਿਲ੍ਹੇ ਵਿਚ ਐਤਵਾਰ ਨੂੰ ਕੈਂਪਾਂ ਵਿੱਚ 7752 ਵਿਅਕਤੀਆਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਇਥੇ ਕੋਵਿਡ ਟੀਕਾਕਰਨ ਦੀ ਗਿਣਤੀ ਬਾਰਾਂ ਲੱਖ ਤੋਂ ਪਾਰ ਹੋ ਗਈ ਹੈ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਅੰਕੜਿਆਂ ਅਨੁਸਾਰ ਪਿਛਲੇ ਛੇ ਦਿਨਾਂ ਵਿੱਚ ਹੀ ਇੱਕ ਲੱਖ ਲੋਕਾਂ ਨੂੰ ਕਰੋਨਾ ਦਾ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਹੀ ਮਜ਼ਬੂਤ ਹਥਿਆਰ ਹੈ। ਇਸ ਲਈ 18 ਸਾਲ ਤੋਂ ਵੱਧ ਉਮਰ ਵਾਲੇ ਜਿਹੜੇ ਵਿਅਕਤੀਆਂ ਨੇ ਅਜੇ ਤੱਕ ਵੀ ਟੀਕਾਕਰਨ ਨਹੀਂ ਕਰਵਾਇਆ, ਉਹ ਜਲਦ ਤੋਂ ਜਲਦ ਟੀਕਾਕਰਨ ਯਕੀਨੀ ਬਣਾਉਣ। ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਦੇ ਐਨਸੀਸੀ ਵਿੰਗ ਵੱਲੋਂ ਏਐਨਓ ਸਤਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਅੱਜ ਅਰਬਨ ਅਸਟੇਟ ਫੇਸ ਵੰਨ ਦੇ ਗੁਰਦਵਾਰਾ ਨਾਨਕਸਰ ਸਾਹਿਬ ਵਿਖੇ 13ਵਾਂ ਕੈਂਪ ਲਗਾਇਆ ਗਿਆ। ਇਸ ਮੌਕੇ 200 ਵਿਅਕਤੀਆਂ ਦੇ ਕੋਵੀਸ਼ੀਲਡ ਦੀ ਦੂਜੀ ਡੋਜ਼ ਲਗਾਈ ਗਈ।
ਅੱਜ ਇਨ੍ਹਾਂ ਥਾਵਾਂ ’ਤੇ ਲੱਗੇਗੀ ਕਰੋਨਾ ਵੈਕਸੀਨ
ਡਾ. ਵੀਨੂੰ ਗੋਇਲ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ 20 ਸਤੰਬਰ ਨੂੰ ਵੀ ਮੈਗਾਡਰਾਈਵ ਤਹਿਤ 18 ਸਾਲ ਤੋਂ ਵਧ ਉਮਰ ਵਾਲਿਆਂ ਨੂੰ ਟੀਕੇ ਲਗਾਏ ਜਾਣਗੇ। ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉੂਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਉੂਨਿਟੀ ਸਿਹਤ ਕੇਂਦਰ ਤਿ੍ਪੜੀ, ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ ਅਤੇ ਐਮ.ਸੀ ਆਫਿਸ ਨਿਊ ਅਨਾਜ ਮੰਡੀ ਵਾਰਡ ਨੰਬਰ 14; ਇਸੇ ਤਰਾਂ ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ, ਸਮਾਣਾ ਦੀ ਅਗਰਵਾਲ ਧਰਮਸ਼ਾਲਾ, ਪਾਤੜਾਂ ਦੇ ਦੁਰਗਾ ਦਲ ਹਸਪਤਾਲ, ਰਾਜਪੁਰਾ ਦੇ ਪਟੇਲ ਕਾਲਜ ਸਮੇਤ ਬਲਾਕ ਹਰਪਾਲਪੁਰ, ਕੌਲੀ, ਭਾਦਸੋਂ, ਦੁੂਧਨਸਾਧਾਂ, ਸ਼ੁਤਰਾਣਾ ਅਤੇ ਕਾਲੋਮਾਜਰਾ ਦੇ 50 ਪਿੰਡਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਲਗਾਈ ਜਾਵੇਗੀ ।