ਸਰਬਜੀਤ ਸਿੰੰਘ ਭੰਗੂ
ਪਟਿਆਲਾ, 20 ਜਨਵਰੀ
ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਅਤੇ ਸੈਂਪਲਿੰਗ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਟੀਚੇ ਜਲਦ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜ਼ੂਮ ਮੀਟਿੰਗ ਕੀਤੀ। ਮੀਟਿੰਗ ਦੀ ਅਗਵਾਈ ਕਰਦਿਆਂ, ਸਿਵਲ ਸਰਜਨ ਪ੍ਰਿੰਸ ਸੋਢੀ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਸੈਂਪਲਿੰਗ ਅਤੇ ਟੀਕਾਕਰਨ ਦੀ ਪ੍ਰਕਿਰਿਆ ’ਚ ਹੋਰ ਤੇਜ਼ੀ ਲਿਆਉਣ ਲਈ ਆਖਿਆ। ਉਨ੍ਹਾਂ ਨੇ ਟੀਕਾਕਰਨ ਦੀ ਐਂਟਰੀ ਪੋਰਟਲ ਉੱਤੇ ਤੁਰੰਤ ਕਰਨੀ ਯਕੀਨੀ ਬਣਾਉਣ ਦੀ ਤਾਕੀਦ ਕੀਤੀ। ਸਿਵਲ ਸਰਜਨ ਦਾ ਕਹਿਣਾ ਸੀ ਕਿ ਉੱਚ ਅਧਿਕਾਰੀਆਂ ਵੱਲੋਂ ਪਟਿਆਲਾ ਜ਼ਿਲ੍ਹੇ ਨੂੰ ਰੋਜ਼ਾਨਾ 50 ਹਜ਼ਾਰ ਕੋਵਿਡ ਟੀਕਾਕਰਨ ਅਤੇ 4000 ਸੈਂਪਲ ਲੈਣ ਦਾ ਟੀਚਾ ਦਿੱਤਾ ਗਿਆ ਹੈ ਜਿਸ ਨੂੰ ਪੂਰਾ ਕਰਨ ਲਈ ਬਲਾਕਾਂ ਨੂੰ ਇਨ੍ਹਾਂ ਟੀਚਿਆਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਹਦਾਇਤ ਕੀਤੀ ਕਿ ਦਿੱਤੇ ਗਏ ਟੀਚਿਆਂ ਦੀ ਪ੍ਰਾਪਤੀ ਲਈ ਵੈਕਸੀਨੇਸ਼ਨ ਕੈਂਪ ਦੋ ਵਜੇ ਤੋਂ ਬਾਅਦ ਤੱਕ ਵੀ ਜਾਰੀ ਰੱਖੇ ਜਾਣ। ਟੀਕਾਕਰਨ ਅਤੇ ਸੈਂਪਲਿੰਗ ਵਾਲੀਆਂ ਥਾਵਾਂ ’ਤੇ ਕੋਵਿਡ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਕੋਵੈਕਸਿਨ ਅਤੇ ਕੋਵੀਸ਼ੀਲਡ ਵੈਕਸੀਨ ਦੀ ਮਿਕਸਿੰਗ ਨੂੰ ਰੋਕਣ ਲਈ ਅਲੱਗ ਅਲੱਗ ਜਗ੍ਹਾ ’ਤੇ ਸੈਸ਼ਨ ਲਗਾਏ ਜਾਣ ਅਤੇ ਕੋਵਿਡ ਸੈਂਪਲਿੰਗ ਦੀ ਜਗ੍ਹਾ ਟੀਕਾਕਰਨ ਦੀ ਜਗ੍ਹਾ ਤੋਂ ਦੂਰੀ ’ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸੰਪੂਰਨ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸੰਦੀਪ ਹੰਸ ਵੱਲੋਂ ਟੀਚੇ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਆਗੂਆਂ ਨਾਲ ਤਾਲਮੇਲ ਕਰਨ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਕਰਨ ਸਬੰਧੀ ਸਕੂਲ ਪ੍ਰਿੰਸੀਪਲਾ ਨਾਲ ਵੀ ਤਾਲਮੇਲ ਬਣਾਇਆ ਜਾਵੇ।