ਜਗਮੋਹਨ ਸਿੰਘ
ਘਨੌਲੀ, 25 ਮਾਰਚ
ਕਰੋਨਾ ਮਹਾਮਾਰੀ ਦੇ ਦੁਬਾਰਾ ਵਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਢਾਬਿਆਂ ਅਤੇ ਰੈਸਟੋਰੈਂਟਾਂ ’ਤੇ ਲਗਾਈਆਂ ਪਾਬੰਦੀਆਂ ਨੇ ਰੈਸਟੋਰੈਂਟ ਅਤੇ ਢਾਬਾ ਮਾਲਕਾਂ ਦੀ ਚਿੰਤਾ ਵਧਾ ਦਿੱਤੀ ਹੈ। ਆਪਣਾ ਕਾਰੋਬਾਰ ਡੁੱਬਦਿਆਂ ਵੇਖ ਰੈਸਟੋਰੈਂਟ ਅਤੇ ਢਾਬਾ ਮਾਲਕਾਂ ਨੇ ਪੰਜਾਬ ਸਰਕਾਰ ਤੋਂ ਪਾਬੰਦੀਆਂ ਵਿੱਚ ਕੁੱਝ ਛੋਟਾਂ ਦੀ ਮੰਗ ਕੀਤੀ ਹੈ। ਢਾਬਾ ਮਾਲਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਤ ਨੂੰ 9 ਵਜੇ ਤੋਂ ਬਾਅਦ ਢਾਬੇ ਅਤੇ ਰੈਸਟੋਰੈਂਟ ਬੰਦ ਕਰਕੇ ਸਿਰਫ ਭੋਜਨ ਦੀ ਹੋਮ ਡਿਲਿਵਰੀ ਕਰਨ ਲਈ ਕਿਹਾ ਗਿਆ ਹੈ ਪਰ ਨੈਸ਼ਨਲ ਹਾਈਵੇਅ ਕਿਨਾਰੇ ਸਥਿਤ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਦੂਰ ਦੁਰਾਡੇ ਤੋਂ ਸੈਲਾਨੀ ਆਉਂਦੇ ਹਨ। ਇਹ ਗਾਹਕ ਪੈਕਿੰਗ ਵਾਲਾ ਫੂਡ ਲੈਣ ਦੀ ਬਜਾਏ ਰੈਸਟੋਰੈਂਟ ਜਾਂ ਢਾਬੇ ਵਿੱਚ ਬੈਠ ਕੇ ਖਾਣ ਦੀ ਜ਼ਿੱਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਢਾਬਾ ਅਤੇ ਰੈਸਟੋਰੈਂਟ ਮਾਲਕਾਂ ਕੋਲ ਬੈਠਣ ਲਈ ਢੁੱਕਵੀਂ ਜਗ੍ਹਾ ਮੌਜੂਦ ਹੈ ਅਤੇ ਉਹ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਨ ਲਈ ਸਹਿਮਤ ਹਨ।