ਖੇਤਰੀ ਪ੍ਰਤੀਨਿਧ
ਪਟਿਆਲਾ, 14 ਸਤੰਬਰ
ਨਗਰ ਨਿਗਮ ਵੱਲੋਂ ਸਥਾਨਕ ਸ਼ਹਿਰ ਵਿਚਲੇ ਸ਼ੇਰਾਂਵਾਲ਼ਾ ਗੇਟ ਖੇਤਰ ’ਚ ਇੱਕ ਯੂਥ ਕਾਂਗਰਸ ਆਗੂ ਦੇ ਨਾਮ ਅਲਾਟ ਕੀਤੇ ਗਏ ਵੇਰਕਾ ਬੂਥ ਨੂੰ ਲੈ ਕੇ ਛਿੜਿਆ ਵਿਵਾਦ ਭਖਦਾ ਜਾ ਰਿਹਾ ਹੈ। ਇਸ ਸਬੰਧੀ ਬੀਤੇ ਕੱਲ੍ਹ ਕਾਂਗਰਸੀ ਅਤੇ ਅਕਾਲੀ ਕਾਰਕੁਨਾਂ ਦਰਮਿਆਨ ਹੋਇਆ ਤਕਰਾਰ ਹੱਥੋਪਾਈ ਤੱਕ ਜਾ ਪਹੁੰਚਿਆ ਸੀ।
ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ’ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਉਸ ਨੇ ਸ਼ਹਿਰ ਦੀ ਕਰੋੜਾਂ ਰੁਪਏ ਦੀਆਂ ਦੋ ਦਰਜਨ ਦੇ ਕਰੀਬ ਥਾਵਾਂ ਆਪਣੇ ਚਹੇਤਿਆਂ ਨੂੰ ਅਲਾਟ ਕੀਤੀਆਂ ਹਨ। ਵਿਵਾਦਾਂ ਦਾ ਕਾਰਨ ਬਣਿਆ ਸ਼ੇਰਾਂ ਵਾਲ਼ਾ ਗੇਟ ਸਥਿਤ ਉਕਤ ਵੇਰਕਾ ਬੂਥ ਵੀ ਇਨ੍ਹਾਂ ਹੀ ਥਾਵਾਂ ’ਚ ਸ਼ਾਮਲ ਹਨ, ਜੋ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨ ਗੌੜ ਨੂੰ ਅਲਾਟ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਉਧਰ, ਮੇਅਰ ਸੰਜੀਵ ਬਿੱਟੂ ਨੇ ਅਜਿਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਅਜਿਹੀ ਹਰ ਤਰ੍ਹਾਂ ਦੀ ਕਾਰਵਾਈ ਪੂਰੇ ਨਿਯਮਾਂ ਤਹਿਤ ਅਮਲ ’ਚ ਲਿਆਂਦੀ ਗਈ ਹੈ। ਪਰ ਵਿਰੋਧੀ ਧਿਰਾਂ ਵੱਲੋਂ ਬਿਨਾਂ ਵਜ੍ਹਾ ਤੋਂ ਹੀ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ।