ਸੰਗਰੂਰ (ਨਿੱਜੀ ਪੱਤਰ ਪੇ੍ਰਕ)
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਨ ਦੇ ਇਰਾਦੇ ਦੋਵੇਂ ਸਰਕਾਰਾਂ ਦੇ ਇੱਕੋ ਜਿਹੇ ਹਨ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਜਾਰੀ ਬਿਆਨ ’ਚ ਕਿਹਾ ਕਿ ਵੱਖ ਵੱਖ ਅਨਾਜ ਮੰਡੀਆਂ ਅੰਦਰ ਨਮੀ ਦੀ ਮਾਤਰਾ ਦੇ ਤੈਅ ਮਾਪਦੰਡਾਂ ਵਾਲਾ ਝੋਨਾ ਵੀ ਨਹੀਂ ਖਰੀਦਿਆ ਜਾ ਰਿਹਾ ਜਿਸ ਕਾਰਨ ਕਿਸਾਨ ਨਿਰਾਸ਼ਾ ਦੇ ਆਲਮ ਵਿੱਚ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਬੇਮੌਸਮੇ ਮੀਂਹ ਕਾਰਨ ਫਸਲ ਵਿੱਚ ਨਮੀ ਦੀ ਮਾਮੂਲੀ ਵੱਧ ਪਾਈ ਮਾਤਰਾ ਨਾਲੋਂ ਵੀ ਝੋਨੇ ਦੀ ਖਰੀਦ ਕੀਤੀ ਜਾਂਦੀ। ਉਲਟਾ ਸਰਕਾਰ ਨੇ ਝੋਨੇ ਦੀ ਖਰੀਦ ਲਈ ਨਮੀ ਦੀ ਮਾਤਰਾ ਪਹਿਲਾਂ ਨਾਲੋਂ ਘਟਾ ਦਿੱਤੀ। ਢੀਂਡਸਾ ਨੇ ਨਮੀ ਦੀ ਮਾਤਰਾ ਦੇ ਤੈਅ ਮਾਪਢੰਡਾਂ ਵਿੱਚ ਤਬਦੀਲੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਸਬੰਧਤ ਮੁੱਦੇ ਉੱਠਾ ਕੇ ਖਰੀਦ ਯਕੀਨੀ ਬਣਾਉਣੀ ਚਾਹੀਦੀ ਹੈ। ਢੀਂਡਸਾ ਨੇ ਝੋਨੇ ਦੀ ਖ੍ਰੀਦ ਵਿੱਚ ਵਿਘਨ ਪਾਉਣ ਦੇ ਇਰਾਦੇ ਲਈ ਲਾਈਆਂ ਵਿਜੀਲੈਂਸ ਟੀਮਾਂ ਦੀ ਤਿੱਖੀ ਅਲੋਚਨਾ ਕੀਤੀ।