ਖੇਤਰੀ ਪ੍ਰਤੀਨਿਧ
ਪਟਿਆਲਾ, 26 ਫਰਵਰੀ
ਕੇਂਦਰੀ ਹਕੂਮਤ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਭਰ ਚੱਲੇ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਅੱਜ ਇੱਥੇ ਤਰਕਸ਼ੀਲ ਹਾਲ ਵਿੱਚ ਕ੍ਰਾਂਤੀਕਾਰੀ ਇਸਤਰੀ ਕਿਸਾਨ ਕਾਨਫਰੰਸ ਕਰਵਾਈ ਗਈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਰਵਾਈ ਗਈ ਇਸ ਕਾਨਫਰੰਸ ਦੌਰਾਨ ਪੰਜਾਬ ਵਿਚੋਂ ਔਰਤਾਂ ਵੱਲੋਂ ਪਾਏ ਗਏ ਵੱਡੇ ਯੋਗਦਾਨ ਸਮੇਤ ਪ੍ਰਾਪਤ ਕੀਤੀਆਂ ਗਈਆਂ ਸ਼ਹਾਦਤਾਂ ਨੂੰ ਵੀ ਯਾਦ ਕੀਤਾ ਗਿਆ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਮਹਿਲਾ ਆਗੂਆਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਰਹਿੰਦੀਆਂ ਕਿਸਾਨੀ ਮੰਗਾਂ ਲਈ ਰਲ ਕੇ ਯੋਗਦਾਨ ਪਾਉਣ ਦਾ ਵਾਅਦਾ ਕੀਤਾ। ਅੱਜ ਦੀ ਕਾਨਫਰੰਸ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨ ਪਾਲ ਨੇ ਵੀ ਸੰਬੋਧਨ ਕੀਤਾ ਜਿਸ ਦੌਰਾਨ ਔਰਤਾਂ ਦੀ ਜ਼ਿੰਮੇਵਾਰੀ ਨੂੰ ਦੋਹਰੀ ਜ਼ਿੰਮੇਵਾਰੀ ਦੱਸਦਿਆਂ, ਉਨ੍ਹਾਂ ਕਿਹਾ ਕਿ ਔਰਤਾਂ ਨੇ ਸੰਘਰਸ਼ ਦੌਰਾਨ ਪਿੱਛੇ ਰਹਿ ਕੇ ਘਰ ਪਰਿਵਾਰ ਅਤੇ ਸੰਯੁਕਤ ਮੋਰਚੇ ਵੱਲੋਂ ਆਏ ਹਰ ਸੁਨੇਹੇ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਅ ਕੇ ਇਹ ਦੱਸ ਦਿੱਤਾ ਕਿ ਕਿਸਾਨੀ ਮੰਗਾਂ ਪ੍ਰਤੀ ਕਿਸਾਨ ਔਰਤ ਦੀ ਜ਼ਿੰਮੇਵਾਰੀ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ।
ਇਸ ਤੋਂ ਪਹਿਲਾਂ ਔਰਤ ਆਗੂਆਂ ਵਿੱਚੋਂ ਰਾਜਿੰਦਰ ਕੌਰ, ਗੁਰਮੇਲ ਕੌਰ ਦੌਣ ਕਲਾਂ, ਚਰਨਜੀਤ ਕੌਰ ਤੁੱਲੇਵਾਲ, ਕੁਲਜੀਤ ਕੌਰ ਭੜੀ, ਸਨਦੀਪ ਕੌਰ ਸਿੱਧੂਵਾਲ ਅਤੇ ਚਰਨਜੀਤ ਕੌਰ ਧੂੜੀਆਂ ਨੇ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਕ੍ਰਾਂਤੀਕਾਰੀ ਇਸਤਰੀ ਕਿਸਾਨ ਯੂਨੀਅਨ ਦੀ ਪੰਜਾਬ ਵਿੱਚ ਜਥੇਬੰਦੀ ਨੂੰ ਉਭਾਰਿਆ ਜਾਵੇਗਾ।