ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 25 ਜਨਵਰੀ
ਪਿੰਡ ਚਮਾਰੂ ’ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮਾਮਲੇ ਨੂੰ ਰਾਜਸੀ ਰੰਗਤ ਦੇਣ ਦਾ ਇਲਜ਼ਾਮ ਲਾਉਂਦਿਆਂ ਪਿੰਡ ਵਾਸੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੋਸਟਰ ਪੁੱਠਾ ਕਰ ਕੇ, ਉਨ੍ਹਾਂ ਤੇ ਨੀਨਾ ਮਿੱਤਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੀਨਾ ਮਿੱਤਲ ’ਤੇ ਸੌੜੀ ਰਾਜਨੀਤੀ ਤਹਿਤ ਪਿੰਡ ਦੀ ਭਾਈਚਾਰਕ ਸਾਂਝ ਨੂੰ ਤੋੜਨ ਤੇ ਪਿੰਡ ਵਿਚ ਗੁੱਟਬੰਦੀ ਪੈਦਾ ਕਰਨ ਦੇ ਕਥਿਤ ਦੋਸ਼ ਲਗਾਏ। ਇਸ ਮੌਕੇ ਪਿੰਡ ਵਾਸੀ ਬਰਖਾ ਰਾਮ, ਬਲਦੇਵ ਸਿੰਘ, ਇੰਦਰਜੀਤ ਸਿੰਘ, ਸੁੱਚਾ ਸਿੰਘ ਤੇ ਗੁਰਪਾਲ ਸਿੰਘ (ਦੋਵੇਂ ਸਾਬਕਾ ਮੈਂਬਰ ਪੰਚਾਇਤ), ਮਾਮ ਚੰਦ ਸਾਬਕਾ ਸਰਪੰਚ, ਕਰਮ ਸਿੰਘ, ਜਗਦੀਸ਼ ਸਿੰਘ ਤੇ ਅਜੈਬ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਬੀਬੀ ਸੁਖਵਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਬਲਾਕ ਸਮਿਤੀ ਮੈਂਬਰ ਗੁਰਵਿੰਦਰ ਸਿੰਘ ਵੱਲੋਂ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪਿੰਡ ਵਿੱਚ ਵਾਲਮੀਕ ਮੰਦਰ, ਗਡਰੀਆ ਧਰਮਸ਼ਾਲਾ, ਜਰਨਲ ਧਰਮਸ਼ਾਲਾ, ਨਗਰ ਖੇੜਾ, ਕੰਬੋਜ ਧਰਮਸ਼ਾਲਾ, ਪੰਚਾਇਤ ਘਰ, ਪਿੰਡ ਦੀ ਫਿਰਨੀ, ਪਾਰਕ ਤੇ ਗੱਡੀਆਂ ਦੀ ਪਾਰਕਿੰਗ, ਸਟੇਡੀਅਮ ਤੇ ਸਕੂਲ (ਤਿੰਨ ਏਕੜ ’ਚ) ਜਿਨ੍ਹਾਂ ਵਿੱਚ 7-7 ਫੁੱਟ ਡੂੰਘੇ ਟੋਏ ਸਨ, ’ਚ ਮਿੱਟੀ ਦੀ ਭਰਤੀ ਮੱਛੀ ਤਲਾਅ ਟੋਭੇ ਵਿਚੋਂ ਪੁੱਟ ਕੇ ਪੁਆਈ ਹੈ ਪਰ ਆਪ ਆਗੂ ਨੀਨਾ ਮਿੱਤਲ ਨੇ ਬਿਨਾਂ ਕੋਈ ਜਾਂਚ ਪੜਤਾਲ ਕੀਤੇ, ਸਰਪੰਚ ਉੱਪਰ ਕਥਿਤ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾ ਦਿੱਤੇ। ਉਨ੍ਹਾਂ ਨੇ ਸਰਪੰਚ ਉੱਪਰ ਟੋਭੇ ਵਿੱਚੋਂ ਪੁੱਟੀ ਮਿੱਟੀ ਨੂੰ ਖ਼ੁਰਦ ਬੁਰਦ ਕਰਨ ਤੇ ਵੇਚਣ ਦੇ ਦੋਸ਼ ਵੀ ਲਗਾਏ ਹਨ ਜੋ ਗ਼ਲਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ। ਪਿੰਡ ਦੇ ਸਾਂਝੇ ਕਾਰਜ ਲਈ ਪਿੰਡ ਵਾਸੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਹਿਯੋਗ ਕਰਦੇ ਹਨ ਪਰ ਨੀਨਾ ਮਿੱਤਲ ਸੌੜੀ ਰਾਜਨੀਤੀ ਤਹਿਤ ਪਿੰਡ ’ਚ ਬਿਨਾਂ ਮਤਲਬ ਦੇ ਆ ਕੇ ਧੜੇਬੰਦੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਆਪ ਆਗੂ ਨੇ ਉਨ੍ਹਾਂ ਦੇ ਪਿੰਡ ’ਚ ਧੜੇਬੰਦੀ ਬਣਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਬੰਦ ਨਾ ਕੀਤੀ ਤਾਂ ਉਹ ਨੀਨਾ ਮਿੱਤਲ ਦੀ ਰਿਹਾਇਸ਼ ਉੱਪਰ ਧਰਨਾ ਦੇਣਗੇ। ਉਨ੍ਹਾਂ ਨੀਨਾ ਮਿੱਤਲ ਦੀਆਂ ਪਿੰਡ ’ਚ ਪੈਦਾ ਕੀਤੀ ਜਾ ਰਹੀ ਧੜੇਬੰਦੀ ਸਬੰਧੀ ਇਕ ਸ਼ਿਕਾਇਤ ਪੱਤਰ ਪਾਰਟੀ ਸੁਪਰੀਮੋ ਅਰਵਿੰਦ ਕੇਜਜਰੀਵਾਲ ਨੂੰ ਭੇਜਣ ਦੀ ਗੱਲ ਵੀ ਕੀਤੀ।
ਇਸ ਸਬੰਧੀ ਜਦੋਂ ਆਪ ਆਗੂ ਨੀਨਾ ਮਿੱਤਲ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰਟ ਦੇ ਹੁਕਮਾਂ ਮੁਤਾਬਕ 3 ਮੀਟਰ ਵੱਧ ਡੁੰਘਾਈ ਤੋਂ ਮਿੱਟੀ ਨਹੀਂ ਚੁੱਕੀ ਜਾ ਸਕਦੀ। ਉਨ੍ਹਾਂ ਕਿਹਾ ਕਿ ਤਕਲੀਫ ਹੋਣ ’ਤੇ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਖੁਦ ਬੁਲਾਇਆ ਸੀ। ਪਿੰਡ ਵਾਲੇ ਖੁਦ ਉਨ੍ਹਾਂ ਕੋਲ ਚੱਲ ਕੇ ਆਏ ਸਨ। ਉਨ੍ਹਾਂ ਭਾਈਚਾਰਕ ਸਾਂਝ ਨੂੰ ਤੋੜਨ ਦੇ ਲਗਾਏ ਦੋਸ਼ਾਂ ਤੋਂ ਇਨਕਾਰ ਕੀਤਾ।