ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਫਰਵਰੀ
ਐਤਕੀ ‘ਪੰਜਾਬ ਲੋਕ ਕਾਂਗਰਸ’ ਦੀ ਤਰਫ਼ੋਂ ਚੋਣ ਪਿੜ ਮੱਲਣ ਵਾਲ਼ੇ ਕੈਪਟਨ ਅਮਰਿੰਦਰ ਸਿੰਘ ਸਣੇ ਉਨ੍ਹਾਂ ਦੇ ਬਾਕੀ ਉਮੀਦਵਾਰ ਚੰਗੀ ਧਾਕ ਜਮਾ ਰਹੇ ਹਨ। ਪਟਿਆਲਾ ਸ਼ਹਿਰੀ ਹਲਕੇ ’ਚ ਭਾਵੇਂ ‘ਆਪ’ ਦੇ ਅਜੀਤਪਾਲ ਕੋਹਲੀ, ਅਕਾਲੀ ਹਰਪਾਲ ਜਨੇਜਾ ਤੇ ਕਾਂਗਰਸੀ ਵਿਸ਼ਨੂੰ ਸ਼ਰਮਾ ਵਰਗੇ ਉਮੀਦਵਾਰ ਭਾਵੇਂ ਕੈਪਟਨ ਲਈ ਚੁਣੀ ਬਣਦੇ ਨਜ਼ਰ ਆ ਰਹੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਧੀ ਜੈਇੰਦਰ ਕੌਰ ਤੇ ਸਮਰਥਕਾਂ ਨੇ ਸਾਬਕਾ ਮੁੱਖ ਮੰਤਰੀ ਦੀ ਚੋਣ ਮੁਹਿੰਮ ਚੰਗੀ ਚਮਕਾਈ ਹੋਈ ਹੈ। ਬਕੀਆਂ ਵਿੱਚੋਂ ਰਾਜਪੁਰਾ ’ਚ ਭਾਵੇਂ ਉਨ੍ਹਾਂ ਨੇ ਜਗਦੀਸ਼ ਜੱਗਾ ਨੂੰ ਭਾਜਪਾ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਿਆ ਹੈ, ਪਰ ਉਹ ਕੈਪਟਨ ਖੇਮੇ ’ਚ ਸਭ ਤੋਂ ਵੱਧ ਚਰਚਿਤ ਨਾਂ ਬਣ ਕੇ ਉਭਰ ਰਿਹਾ ਹੈ। ਰਾਜਪੁਰਾ ਤੋਂ ਭਾਜਪਾ ਨੇਤਾ ਹਰਜੀਤ ਗਰੇਵਾਲ ਚੋਣਾਂ ਲੜਦੇ ਆ ਰਹੇ ਸਨ। ਜਿਸ ਕਰਕੇ ਭਾਜਪਾ ਇਹ ਸੀਟ ਨਹੀਂ ਸੀ ਛੱਡਣਾ ਚਾਹੁੰਦੀ ਪਰ ਕੈਪਟਨ ਹਰ ਹਾਲ ਜੱਗਾ ਨੂੰ ਚੋਣ ਲੜਾਉਣਾ ਚਾਹੁੰਦੇ ਸਨ। ਜਿਸ ਕਾਰਨ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਦਰਬਾਰ ਜਾ ਪੁੱਜਾ। ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਨਿੱਜੀ ਤੌਰ ’ਤੇ ਰਿਪੋਰਟ ਲੈਣ ਮਗਰੋਂ ਰਾਜਪੁਰਾ ਤੋਂ ਜਗਦੀਸ਼ ਜੱਗਾ ਨੂੰ ਟਿਕਟ ਦੇਣ ਨੂੰ ਹਰੀ ਝੰਡੀ ਦਿੱਤੀ ਪਰ ਸ਼ਰਤ ਰੱਖੀ ਗਈ ਕਿ ਉਸ ਨੂੰ ਭਾਜਪਾ ’ਚ ਸ਼ਾਮਲ ਹੋਣਾ ਪਵੇਗਾ। ਫੇਰ ਅਜਿਹਾ ਹੀ ਹੋਇਆ ਤੇ ਕੈਪਟਨ ਦਾ ਬੰਦਾ ਜੱਗਾ ਹੁਣ ਕਮਲ ਦੇ ਫੁੱਲ ’ਤੇ ਚੋਣ ਲੜ ਰਿਹਾ ਹੈ। ਪਿਛਲੀ ਵਾਰ ਆਜ਼ਾਦ ਉਮੀਦਵਾਰ ਵਜੋਂ 15 ਹਜ਼ਾਰ ਤੋਂ ਵੀ ਵੱਧ ਵੋਟਾਂ ਲੈਣ ਵਾਲ਼ੇ ਜੱਗਾ ਸਭ ਤੋਂ ਬਾਅਦ ਮੈਦਾਨ ’ਚ ਕੁੱਦਣ ਦੇ ਬਾਵਜੂਦ ਦੂਜਿਆਂ ਦੇ ਬਰਾਬਰ ਆ ਖਲੋਤਾ ਹੈ। ਜੱਗਾ ਤਿੰਨ ਵਾਰ ਆਜ਼ਾਦ ਕੌਂਸਲਰ ਰਿਹਾ ਹੈ। ਇੱਕ ਵਾਰ ਤਾਂ ਦੋਵੇਂ ਪਤੀ ਪਤਨੀ ਹੀ ਕੌਂਸਲਰ ਬਣ ਗਏ ਸਨ। ਰਾਜਪੁਰਾ ਸ਼ਹਿਰ ’ਚ ਬਹਾਵਲਪੁਰ ਸਮਾਜ ਦੇ ਵਧੇਰੇ ਲੋਕ ਹਨ ਕੁਝ ਪਿੰਡਾਂ ’ਚ ਵੀ ਬਹਾਵਲਪੁਰ ਸਮਾਜ ਵਸਿਆ ਹੋਇਆ ਹੈ ਤੇ ਜੱਗਾ ਇਸੇ ਬਰਾਦਰੀ ਦੇ ਹਨ। ਪਟਿਆਲਾ ਦਿਹਾਤੀ ਹਲਕੇ ’ਚ ਪੀਐਲਸੀਉਮੀਦਵਾਰ ਮੇਅਰ ਸੰਜੀਵ ਬਿੱਟੂ ਦੀ ਮੁਹਿੰਮ ਵੀ ਨਿੱਤ ਦਿਨ ਚਮਕ ਰਹੀ ਹੈ। ਹਲਕੇ ’ਚ ਹਿੰਦੂ ਵਜੋਂ ਤੇ ਕਾਂਗਰਸ ਵੋਟ ਵਧੇਰੇ ਹੈ। ਮੇਅਰ ਵਜੋਂ ਕੀਤੇ ਵਿਕਾਸ ਸਣੇ ਅਮਰਿੰਦਰ ਸਿੰਘ ਦਾ ਸ਼ਹਿਰ ਹੋਣ ਦਾ ਵੀ ਬਿੱਟੂ ਨੂੰ ਵੀ ਲਾਹਾ ਮਿਲ ਰਿਹਾ ਹੈ। ਇਹ ਵੀ ਹਕੀਕਤ ਹੈ ਕਿ ਉਸ ਦੀ ਮੁਹਿੰਮ ਚਮਕਣ ਦਾ ਉਸ ਸਮੇਤ ਅਕਾਲੀ ਉਮੀਦਵਾਰ ਬਿੱਟੂ ਚੱਠਾ ਤੇ ਆਪ ਉਮੀਦਵਾਰ ਡਾ. ਬਲਬੀਰ ਨੂੰ ਵੀ ਲਾਭ ਪੁੱਜੇਗਾ। ਅਮਰਿੰਦਰ ਸਿੰਘ ਸਿਆਸੀ ਸਲਾਹਕਾਰ ਰਹੇ ਭਰਤਇੰਦਰ ਚਹਿਲ ਦਾ ਲੜਕਾ ਬਿਕਰਮਜੀਤਇੰਦਰ ਚਹਿਲ ਸਨੌਰ ਤੋਂ ਪੀਐੱਲਸੀ ਉਮੀਦਵਾਰ ਵਜੋਂ ਮੈਦਾਨ ’ਚ ਹੈ। ਸਨੌਰ ਹਲਕੇ ’ਤੇ ਅੱਖ ਰੱਖ ਕੇ ਸ਼ੁਰੂ ਕੀਤੀਆਂ ਸਰਗਰਮੀਆਂ ਉਸ ਦੇ ਕੰਮ ਆ ਰਹੀਆਂ ਹਨ। ਉਧਰ, ਸਮਾਣਾ ਹਲਕੇ ’ਚ ਕੈਪਟਨ ਨੇ ਟਕਸਾਲੀ ਕਾਂਗਰਸੀ ਆਗੂ ਲਾਲ ਸਿੰਘ ਦੇ ਸਿਆਸੀ ਸਕੱਤਰ ਰਹੇ ਸੁਰਿੰਦਰ ਖੇੜਕੀ ਨੂੰ ਉਤਾਰਿਆ ਹੈ। ਖੇੜਕੀ ਲਾਲ ਸਿੰਘ ਦੇ ਪੁੱਤਰ ਵਿਧਾਇਕ ਕਾਕਾ ਰਾਜਿੰਦਰ ਸਿੰਘ ਦੇ ਖਾਸਮਖਾਸ ਬੰਦੇ ਵਜੋਂ ਵੀ ਵਿਚਰਦਾ ਰਿਹਾ ਹੈ। ਖੇੜਕੀ ਦਾ ਜਿੱਥੇ ਆਪਣਾ ਚੰਗਾ ਆਧਾਰ ਹੈ, ਉਥੇ ਹੀ ਵਿਧਾਇਕ ਦੀ ਤਰਫੋਂ ਵਿਚਰਦਿਆਂ ਵੀ ਉਸ ਨੇ ਅਨੇਕਾਂ ਲੋਕਾਂ ਨੂੰ ਨਾਲ ਜੋੜ ਲਿਆ ਸੀ। ਸ਼ਤਰਾਣਾ ਹਲਕੇ ਤੋਂ ਪੀਐੱਲਸੀ ਉਮੀਦਵਾਰ ਨਰੈਣ ਸਿੰਘ ਨਰੋਤਮ ਪਹਿਲਾਂ ‘ਆਪ’ ਦੀ ਟਿਕਟ ਦਾ ਦਾਅਵੇਦਾਰ ਸੀ। ਜਿਸ ਕਰਕੇ ਉਸ ਦਾ ਆਪ ’ਚ ਵੀ ਆਧਾਰ ਹੈ ਤੇ ਉਸ ਦਾ ਬਾਜੀਗਰ ਭਾਈਚਾਰੇ ’ਚ ਚੰਗਾ ਨਾਂ ਹੈ।