ਸਰਬਜੀਤ ਸਿੰਘ ਭੰਗੂ
ਪਟਿਆਲਾ 31 ਅਗਸਤ
ਇੱਥੇ ਅੱਜ ਸਨੌਰ ਰੋਡ ’ਤੇ ਸਥਿਤ ਅਰਾਈ ਮਾਜਰਾ ਕਲਾਂ ਵਿੱਚ 600 ਗਜ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਕਰਨ ਤੋਂ ਰੋਕਣ ਪਹੁੰਚੀ ਨਗਰ ਨਿਗਮ ਦੀ ਟੀਮ ’ਤੇ ਕੁਝ ਵਿਅਕਤੀਆਂ ਨੇ ਇੱਟਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕੀਤੇ ਗਏ ਪਥਰਾਓ ਕਾਰਨ ਨਿਗਮ ਦੀ ਜੇਸੀਬੀ ਮਸ਼ੀਨ ਸਮੇਤ ਅੱਧੀ ਦਰਜਨ ਵਾਹਨ ਨੁਕਸਾਨੇ ਗਏ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮ ’ਤੇ ਦਬਾਅ ਬਣਾਉਣ ਲਈ ਦੋ ਵਿਅਕਤੀਆਂ ਨੇ ਕਥਿਤ ਤੌਰ ’ਤੇ ਆਪਣੇ-ਆਪ ’ਤੇ ਡੀਜ਼ਲ ਪਾ ਕੇ ਆਤਮਦਾਹ ਕਰਨ ਦੀ ਕੋਸਿਸ਼ ਵੀ ਕੀਤੀ। ਸਥਿਤੀ ਬੇਕਾਬੂ ਹੁੰਦੀ ਦੇਖ ਕੇ ਨਗਰ ਨਿਗਮ ਦੀ ਟੀਮ ਨੂੰ ਬੈਰੰਗ ਪਰਤਣਾ ਪਿਆ। ਉੱਧਰ, ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨੇ ਇਸ ਸਬੰਧੀ ਜਿੱਥੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਉੱਥੇ ਹੀ ਐੱਸਐੱਸਪੀ ਨੂੰ ਕਥਿਤ ਦੋਸ਼ੀਆਂ ਖ਼ਿਲਾਫ ਕਾਰਵਾਈ ਕਰਨ ਲਈ ਸ਼ਿਕਾਇਤ ਵੀ ਭੇਜੀ ਹੈ।
ਇਸ ਸਬੰਧੀ ਲੈਂਡ ਬ੍ਰਾਂਚ ਦੇ ਇੰਚਾਰਜ ਵਿਸ਼ਾਲ ਸਿਆਲ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅਰਾਈ ਮਾਜਰਾ ਵਿੱਚ ਨਿਗਮ ਦੀ ਮਾਲਕੀ ਵਾਲੀ ਜ਼ਮੀਨ ’ਤੇ ਬੋਰਡ ਵੀ ਲਾਇਆ ਗਿਆ ਸੀ ਪਰ ਇਸ ਦੇ ਬਾਵਜੂਦ 600 ਗਜ ਜ਼ਮੀਨ ’ਤੇ ਨਾਜਾਇਜ਼ ਉਸਾਰੀ ਸ਼ੁਰੂ ਕਰ ਦਿੱਤੀ ਗਈ। ਸੂਚਨਾ ਮਿਲਣ ’ਤੇ ਲੈਂਡ ਬ੍ਰਾਂਚ ਦੇ ਇੰਚਾਰਜ ਸੁਪਰਡੈਂਟ ਵਿਸ਼ਾਲ ਸਿਆਲ, ਇੰਸਪੈਕਟਰ ਮੁਨੀਸ਼ ਪੁਰੀ, ਜਤਿੰਦਰ ਕੁਮਾਰ ਪ੍ਰਿੰਸ, ਗੁਰਮੇਲ ਸਿੰਘ ਅਤੇ ਨਿਗਮ ਦੇ ਸੱਤ ਪੁਲੀਸ ਮੁਲਾਜ਼ਮ ਉਨ੍ਹਾਂ ਨਾਲ ਮੌਕੇ ’ਤੇ ਪਹੁੰਚੇ ਪਰ ਨਿਗਮ ਦੀ ਜ਼ਮੀਨ ’ਤੇ ਕਬਜ਼ਾ ਕਰਨ ਵਾਲਿਆਂ ਨੇ ਨਿਗਮ ਦੀ ਟੀਮ ’ਤੇ ਹਮਲਾ ਕਰਦਿਆਂ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਅਤੇ ਦਬਾਅ ਬਣਾਉਣ ਲਈ ਦੋ ਵਿਅਕਤੀਆਂ ਨੇ ਆਪਣੇ ਉੱਪਰ ਡੀਜ਼ਲ ਪਾ ਕੇ ਆਤਮਦਾਹ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰ ਕੇ ਟੀਮ ਵਾਪਸ ਪਰਤ ਆਈ।
ਸਰਕਾਰੀ ਰਿਕਾਰਡ ਦਾ ਹਵਾਲਾ ਦਿੰਦਿਆਂ ਨਿਗਮ ਦੇ ਸਾਬਕਾ ਪਟਵਾਰੀ ਹਰਬੰਸ ਸਿੰਘ ਨੇ ਕਿਹਾ ਕਿ ਸਨੌਰ ਰੋਡ ਤੋਂ ਲੈ ਕੇ ਅਰਾਈ ਮਾਜਰਾ ਦੀ ਮੁੱਖ ਸੜਕ ਦੇ ਸਿਰੇ ਤੱਕ ਸੱਜੇ ਪਾਸੇ ਬੰਧਾ ਰੋਡ ਦੇ ਨਾਲ ਵਾਲੀ ਸਾਰੀ ਜ਼ਮੀਨ ਨਗਰ ਨਿਗਮ ਦੀ ਹੈ। ਇਸ ਜਗ੍ਹਾ ’ਤੇ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਹੈ, ਪਰ ਬਾਕੀ ਜ਼ਮੀਨ ’ਤੇ ਕਬਜ਼ੇ ਕੀਤੇ ਹੋਏ ਹਨ। ਦੂਜੇ ਬੰਨ੍ਹੇ ਕਾਬਜ਼ਕਾਰ ਇਸ ਨੂੰ ਆਪਣੀ ਜ਼ਮੀਨ ਦੱਸ ਰਹੇ ਹਨ।