ਪੱਤਰ ਪ੍ਰੇਰਕ
ਪਾਤੜਾਂ, 6 ਅਗਸਤ
ਹਲਕਾ ਸ਼ੁਤਰਾਣਾ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਮਗਰੋਂ ਦਰਜਨਾਂ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬਣ ਮਗਰੋਂ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੇ ਮੁਆਵਜ਼ੇ ਤੇ ਫਸਲਾਂ ਦੇ ਬਚਾਅ ਲਈ ਐੱਸਡੀਐੱਮ ਪਾਤੜਾਂ ਅਤੇ ਹਲਕਾ ਵਿਧਾਇਕ ਨਾਲ ਅੱਜ ਮੀਟਿੰਗ ਕਰਕੇ ਅਹਿਮ ਮੁੱਦੇ ਉਠਾਏ। ਇਸ -ਵਿੱਚ ਕਿਸਾਨਾਂ ਵਲੋਂ ਬਾਦਸ਼ਾਹਪੁਰ ਤੇ ਝੰਬੋ ਚੋਅ ਡਰੇਨ ਉੱਤੇ ਕੁਝ ਕਿਸਾਨਾਂ ਵੱਲੋਂ ਨਾਜਾਇਜ਼ ਕਬਜ਼ੇ ਕਰਕੇ ਬੰਦ ਕੀਤੇ ਜਾਣ ਦਾ ਮਾਮਲਾ ਵੀ ਉਭਾਰਿਆ। ਐੱਸਡੀਐੱਮ ਪਾਤੜਾਂ ਡਾ. ਪਾਲਿਕਾ ਅਰੋੜਾ ਤੇ ਹਲਕਾ ਵਿਧਾਇਕ ਨਿਰਮਲ ਸਿੰਘ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਜਲਦੀ ਡਰੇਨ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪਿੰਡ ਸਧਾਰਨਪੁਰ ਦੇ ਸਰਪੰਚ ਜਰਨੈਲ ਸਿੰਘ ਅਤੇ ਕਰਤਾਰਪੁਰ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ ਇਲਾਕੇ ਦੇ ਪਿੰਡਾਂ ਸਧਾਰਨਪੁਰ, ਅਰਨੇਟੂ ਸ਼ਾਦੀਪੁਰ ਮੋਮੀਆਂ, ਸ਼ੁਤਰਾਣਾ, ਰਸੌਲੀ, ਝੀਲ, ਕਰਤਾਰਪੁਰਾ, ਨਾਈਵਾਲਾ ਗੁਲਾੜ੍ਹ ਅਤੇ ਜੋਗੇਵਾਲਾ ਆਦਿ ਪਿੰਡਾਂ ਵਿੱਚ ਹਰ ਸਾਲ ਹਜ਼ਾਰਾਂ ਏਕੜ ਫਸਲ ਤਬਾਹ ਹੋ ਜਾਂਦੀ ਹੈ ਪਰ ਕਦੇ ਵੀ ਕਿਸੇ ਸਰਕਾਰ ਨੇ ਮਾਮਲੇ ਦੇ ਹੱਲ ਦੀ ਕੋਸ਼ਿਸ਼ ਨਹੀਂ ਕੀਤੀ।