ਖੇਤਰੀ ਪ੍ਰਤੀਨਿਧ
ਪਟਿਆਲਾ, 11 ਜੂਨ
ਸਰਕਾਰ ਵੱਲੋਂ ਕਰੋਨਾ ਭੱਤਾ ਬੰਦ ਕਰਨ ਦੇ ਰੋਸ ਵਜੋਂ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਅੱਜ ਇਥੇ ਬੱਸ ਸਟੈਂਡ ਦੇ ਨੇੜੇ ਓਵਰ ਬ੍ਰਿੱਜ ਦੇ ਹੇਠਾਂ ਧਰਨਾ ਦਿੱਤਾ ਗਿਆ। ਇਸ ਧਰਨੇ ’ਚ ਯੂਨੀਅਨ ਦੀ ਸੂਬਾਈ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਭਰ ’ਚ ਆਸ਼ਾ ਵਰਕਰਾਂ ਵੱਲੋਂ ਨਿਗੂਣੀਆਂ ਤਨਖਾਹਾਂ ’ਤੇ ਜ਼ਿਆਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਇਵਜ ਵਜੋਂ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਇਨ੍ਹਾਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਸਨਮਾਨ ਵਜੋਂ ਹੋਰ ਭੱਤਾ ਪ੍ਰ੍ਰਦਾਨ ਕਰੇ ਪਰ ਉਲਟਾ ਸਰਕਾਰ ਨੇ ਪਹਿਲਾਂ ਤੋਂ ਮਿਲਦਾ ਕਰੋਨਾ ਭੱਤਾ ਦੇਣਾ ਵੀ ਬੰਦ ਕਰ ਦਿੱਤਾ ਹੈ। ਇਸ ਕਾਰਨ ਹੀ ਅੱਜ ਉਨ੍ਹਾਂ ਨੂੰ ਮਜਬੂਰਨ ਸੜਕਾਂ ’ਤੇ ਉਤਰਨਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬੰਦ ਕੀਤਾ ਗਿਆ ਭੱਤਾ ਜਲਦੀ ਬਹਾਲ ਨਾ ਕੀਤਾ ਗਿਆ ਤਾਂ ਹੋਰ ਵੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮਨਪ੍ਰੀਤ ਕੌਰ ਹਰਪਾਲਪੁਰ, ਕਮਲਜੀਤ ਕੌਰ ਰੋੜਗੜ੍ਹ, ਕਰਮਜੀਤ ਕੌਰ ਕਾਲੋਮਾਜਰਾ, ਮਨਪ੍ਰੀਤ ਕੌਰ ਝਿੱਲ ਅਤੇ ਪਰਵਿੰਦਰ ਕੌਰ ਅਤੇ ਸੰਤੋਸ਼ ਕੁਮਾਰੀ ਆਦਿ ਵੀ ਮੌਜੂਦ ਸਨ, ਜਿਨ੍ਹਾਂ ਵਿਚੋਂ ਕੁਝ ਨੇ ਵਿਚਾਰ ਵੀ ਪੇਸ਼ ਕੀਤੇ।