ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਗਸਤ
ਲਾਈਨਮੈਨ ਅਤੇ ਸਹਾਇਕ ਲਾਈਨਮੈਨ ਦੀ ਭਰਤੀ ਲਈ ਰੱਖੀ ਗਈ ਟੈਸਟ ਦੀ ਸ਼ਰਤ ਰੱਦ ਕਰਵਾਉਣ, ਪੋਸਟਾਂ ਦੀ ਗਿਣਤੀ ਅਤੇ ਉਮਰ ਹੱਦ ’ਚ ਵਾਧਾ ਕਰਵਾਉਣ ਲਈ ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸ਼ੁਰੂ ਕੀਤਾ ਗਿਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ, ਜਿਸ ਦੌਰਾਨ ਕੁਝ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਯੂਨੀਅਨ ਦੇ ਸੂਬਾਈ ਪ੍ਰਧਾਨ ਰਾਕੇਸ਼ ਕੁਮਾਰ ਦਾ ਕਹਿਣਾ ਸੀ ਕਿ ਜਦੋਂ ਆਪਣੀ ਮੰਗ ਮਨਵਾਉਣ ਲਈ ਦੋ ਦਿਨ ਪਹਿਲਾਂ ਉਹ ਪਾਵਰਕੌਮ ਦਫ਼ਤਰ ਦੇ ਕੰਪਲੈਕਸ ਅੰਦਰ ਸ਼ਾਂਤਮਈ ਧਰਨਾ ਮਾਰ ਕੇ ਬੈਠੇ ਸਨ ਤਾਂ ਪੁਲੀਸ ਨੇ ਨਾ ਸਿਰਫ਼ ਲਾਠੀਚਾਰਜ ਕੀਤਾ ਬਲਕਿ ਉਨ੍ਹਾਂ ਦਾ ਟੈਂਟ ਵੀ ਪੁੱਟ ਸੁੱਟਿਆ ਪਰ ਮੁੜ ਟੈਂਟ ਲਾ ਕੇ ਉਨ੍ਹਾਂ ਮੁੜ ਪਹਿਲਾਂ ਵਾਂਗ ਆਪਣਾ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਰਾਜ ਜੋਸ਼ੀ, ਜਸਦੇਵ ਸਿੰਘ ਨੂਗੀ, ਗੈਸ ਏਜੰਸੀ ਵਰਕਰ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਸਮੇਤ ਕੁਝ ਹੋਰ ਆਗੂਆਂ ਨੇ ਵੀ ਸ਼ਿਰਕਤ ਕੀਤੀ। ਕਿਸਾਨ ਆਗੂ ਬਲਰਾਜ ਜੋਸ਼ੀ ਦਾ ਕਹਿਣਾ ਸੀ ਕਿ ਬੇਰੁਜ਼ਗਾਰ ਨੌਜਵਾਨਾਂ ’ਤੇ ਕੀਤਾ ਗਿਆ ਲਾਠੀਚਾਰਜ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾਈ ਆਗੂ ਮਨਜੀਤ ਸਿੰਘ ਚਾਹਲ ਦਾ ਕਹਿਣਾ ਸੀ ਕਿ ਬੇਰੁਜ਼ਗਾਰਾਂ ’ਤੇ ਲਾਠੀਚਾਰਜ ਕਰਨਾ ਸਰਕਾਰ ਅਤੇ ਪੁਲੀਸ ਦੀ ਬੁਖਲਾਹਟ ਦੀ ਨਿਸ਼ਾਨੀ ਹੈ।